ਜਸਮੇਰ ਲਾਛੜੂ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉੁਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਇਹ ਨਿਯੁਕਤੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉੁਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਇਹ ਨਿਯੁਕਤੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਹੈ। ਸੁਖਬੀਰ ਨੇ ਸ੍ਰੀ ਲਾਛੜੂ ਦੇ ਪਰਿਵਾਰ ਦੀ ਪੰਥ ਅਤੇ ਪਾਰਟੀ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ ਹੈ। ਜ਼ਿਕਰਯੋਗ ਹੈ ਕਿ ਕਿਸਾਨੀ ਪਰਿਵਾਰ ਨਾਲ ਸਬੰਧਤ ਜਸਮੇਰ ਸਿੰਘ ਲਾਛੜੂ ਲੰਮੇ ਸਮੇਂ ਤੋਂ ਟਰਾਂਸਪੋਰਟ ਦੇ ਕਾਰੋਬਾਰ ਨਾਲ਼ ਵੀ ਜੁੜੇ ਹੋਏ ਹਨ। ਸ੍ਰੀ ਲਾਛੜੂ ਦੀ ਹਲਕਾ ਘਨੌਰ ’ਚ ਚੰਗੀ ਪਕੜ ਹੈ। ਇਹ ਪਰਿਵਾਰ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਕੇ ਕੰਮ ਕਰਦਾ ਆ ਰਿਹਾ ਹੈ। ਜਥੇਦਾਰ ਜਸਮੇਰ ਸਿੰਘ ਲਾਛੜੂ ਦੇ ਪਿਤਾ ਸਰਦਾਰ ਪਿਆਰਾ ਸਿੰਘ ਲਾਛੜੂ 1962 ’ਚ ਬਲਾਕ ਸਮਿਤੀ ਘਨੌਰ ਦੇ ਚੇਅਰਮੈਨ ਅਤੇ ਸਰਕਲ ਪ੍ਰਧਾਨ ਬਣੇ ਸਨ। ਉਨ੍ਹਾਂ 1982 ’ਚ ਘਨੌਰ ਨੇੜਲੇ ਪਿੰਡ ਕਪੂਰੀ ’ਚ ਇੰਦਰਾ ਗਾਂਧੀ ਵੱਲੋਂ ਐੱਸ ਵਾਈ ਐੱਲ ਨਹਿਰ ਦਾ ਟੱਕ ਲਾਉਣ ਉਪਰੰਤ ਪਾਣੀਆਂ ਦੇ ਮਾਮਲੇ ਨੂੰ ਲੈ ਕੇ ਕਪੂਰੀ ਪਿੰਡ ਤੋਂ ਸ਼ੁਰੂ ਹੋ ਕੇ ਧਰਮ ਯੁੱਧ ਮੋਰਚੇ ’ਚ ਤਬਦੀਲ ਹੋਏ ਸੰਘਰਸ਼ ਵਿੱਚ ਵੀ ਵਧ ਚੜ੍ਹ ਕੇ ਹਿੱਸਾ ਲਿਆ ਸੀ। ਜਸਮੇਰ ਸਿੰਘ ਲਾਛੜੂ ਵੀ ਹਲਕਾ ਘਨੌਰ ਤੋਂ ਚਿਰਾਂ ਤੋਂ ਟਿਕਟ ਦੀ ਮੰਗ ਕਰਦੇ ਆ ਰਹੇ ਹਨ।

