ਖਡਿਆਲੀ ’ਚ ਨਕਲੀ ਦੁੱਧ ਦੀ ਫੈਕਟਰੀ ਦੇ ਮਾਮਲੇ ਸਬੰਧੀ ਜਾਂਚ ਕਮੇਟੀ ਕਾਇਮ
ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਜੁਲਾਈ
ਜਮਹੂਰੀ ਅਧਿਕਾਰ ਸਭਾ ਇਕਾਈ ਸੰਗਰੂਰ ਦੀ ਐਮਰਜੈਂਸੀ ਮੀਟਿੰਗ ਜਿਲ੍ਹਾ ਪ੍ਰਧਾਨ ਜਗਜੀਤ ਭੁਟਾਲ ਦੀ ਪ੍ਰਧਾਨਗੀ ਹੇਠ ਸਥਾਨਕ ਗਦਰ ਭਵਨ ਵਿੱਚ ਹੋਈ। ਮੀਟਿੰਗ ਦੌਰਾਨ ਪਿੰਡ ਖਡਿਆਲੀ ਵਿਖੇ ਕਥਿਤ ਤੌਰ ’ਤੇ ਨਕਲੀ ਦੁੱਧ ਦੀ ਫੈਕਟਰੀ ਦਾ ਪਰਦਾਫਾਸ਼ ਹੋਣ ਦੇ ਗੰਭੀਰ ਮਾਮਲੇ ਦੀ ਜਾਂਚ ਲਈ ਸਭਾ ਵਲੋਂ ਪੰਜ ਮੈਂਬਰੀ ਜਾਂਚ ਕਮੇਟੀ ਬਣਾਈ ਗਈ, ਜਿਸ ਵਿਚ ਪ੍ਰਧਾਨ ਜਗਜੀਤ ਭੂਟਾਲ, ਬਸੇਸਰ ਰਾਮ, ਪ੍ਰਿੰਸੀਪਲ ਅਮਰੀਕ ਖੋਖਰ, ਮਨਧੀਰ ਸਿੰਘ ਰਾਜੋਮਾਜਰਾ ਅਤੇ ਡਾ. ਕਿਰਨਪਾਲ ਕੌਰ ਨੂੰ ਸ਼ਾਮਲ ਕੀਤਾ ਗਿਆ। ਮੀਟਿੰਗ ਦੌਰਾਨ ਮਾਲੇਰਕੋਟਲਾ ਵਿਖੇ ਪੁਲੀਸ ਵਲੋਂ ਔਰਤ ਦੀ ਕੁੱਟਮਾਰ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਣ ਤੋਂ ਇਲਾਵਾ ਮੂਨਕ ਵਿਖੇ ਮਜ਼ਦੂਰ ਆਗੂ ਹਰਭਗਵਾਨ ਮੂਨਕ ਦੀ ਕੀਤੀ ਕੁੱਟਮਾਰ ਦੇ ਕੇਸ ਵਿਚ ਸ਼ਾਮਲ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਭੂਟਾਲ ਨੇ ਕਿਹਾ ਕਿ ਪਿੰਡ ਖਡਿਆਲੀ ਵਿੱਚ ਇੱਕ ਵਿਅਕਤੀ ਵੱਲੋਂ ਚਲਾਈ ਜਾ ਰਹੀ ਕਥਿਤ ਨਕਲੀ ਦੁੱਧ ਦੀ ਫੈਕਟਰੀ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਇਹ ਵਿਅਕਤੀ ਵੇਰਕਾ ਦੁੱਧ ਕੰਪਨੀ ਨੂੰ ਵੀ ਦੁੱਧ ਪਾਉਂਦਾ ਰਿਹਾ, ਜੋ ਕਿ ਅਤਿ ਮੰਦਭਾਗਾ ਹੈ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਇਹ ਘਟਨਾ ਗੁੱਜਰਾਂ ਸ਼ਰਾਬ ਕਾਂਡ ਤੋਂ ਵੀ ਖਤਰਨਾਕ ਅਤੇ ਭਿਆਨਕ ਹੈ, ਜਿਸ ਦੀ ਸਭਾ ਵੱਲੋਂ ਵੀ ਆਪਣੇ ਪੱਧਰ ’ਤੇ ਜਾਂਚ ਕੀਤੀ ਜਾਵੇਗੀ।
ਆਗੂਆਂ ਨੇ ਮਲੇਰਕੋਟਲਾ ’ਚ ਇੱਕ ਮੁਸਲਿਮ ਔਰਤ ਦੀ ਕਥਿਤ ਗੈਰਮਨੁੱਖੀ ਢੰਗ ਨਾਲ ਕੀਤੀ ਕੁੱਟਮਾਰ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ/ਕਰਮਚਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਰਕਾਰ ਵਲੋਂ ਪੰਜਾਬ ਨੂੰ ਪੁਲੀਸ ਰਾਜ ਬਣਾਉਣ ਦੇ ਵਰਤਾਰੇ ਦੀ ਵੀ ਸਖਤ ਨਿਖੇਧੀ ਕੀਤੀ ਅਤੇ ਸਰਕਾਰ ਦੇ ਇਸ਼ਾਰੇ ’ਤੇ ਨਿੱਤ ਦਿਨ ਰੁਜ਼ਗਾਰ ਮੰਗ ਰਹੇ ਬੇਰੁਜ਼ਗਾਰਾਂ, ਮਜਦੂਰਾਂ, ਕਿਸਾਨਾਂ, ਵਿਦਿਆਰਥੀਆਂ ਉਪਰ ਕੀਤੇ ਜਾ ਰਹੇ ਜਬਰ ਨੂੰ ਤਾਨਾਸ਼ਾਹੀ ਕਰਾਰ ਦਿੱਤਾ। ਮੀਟਿੰਗ ਦੀ ਕਾਰਵਾਈ ਸਭਾ ਦੇ ਮੀਤ ਪ੍ਰਧਾਨ ਸ੍ਰੀ ਬਸੇਸਰ ਰਾਮ ਵੱਲੋਂ ਪਾਈ ਗਈ। ਇਸ ਮੌਕੇ ਮੀਤ ਪ੍ਰਧਾਨ ਬਸੇਸਰ ਰਾਮ, ਵਿੱਤ ਸਕੱਤਰ ਮਨਧੀਰ ਸਿੰਘ ਰਾਜੋਮਾਜਰਾ, ਜੁਆਇੰਟ ਸਕੱਤਰ ਕੁਲਵਿੰਦਰ ਬੰਟੀ, ਭਜਨ ਰੰਗੀਆਂ, ਹਰਪ੍ਰੀਤ ਕੌਰ, ਪ੍ਰਿੰਸੀਪਲ ਅਮਰੀਕ ਸਿੰਘ ਖੋਖਰ ਅਤੇ ਡਾ. ਕਿਰਨਪਾਲ ਕੌਰ ਹਾਜ਼ਰ ਸਨ।