ਗੁਰਨਾਮ ਸਿੰਘ ਅਕੀਦਾ/ਗੁਰਦੀਪ ਸਿੰਘ ਲਾਲੀ
ਪਟਿਆਲਾ/ਸੰਗਰੂਰ, 21 ਜੂਨ
ਡੀਸੀ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਥਾਪਰ ਯੂਨੀਵਰਸਿਟੀ ਵਿੱਚ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੀਐੱਮ ਦੀ ਯੋਗਸ਼ਾਲਾ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੁਪਿੰਦਰਜੀਤ ਚਹਿਲ ਦੀ ਦੇਖ-ਰੇਖ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਜ਼ਿਲ੍ਹਾ ਕਚਹਿਰੀਆਂ, ਪਟਿਆਲਾ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ, ਐੱਨਐੱਸਐੱਸ ਵਿਭਾਗ ਅਤੇ ਖੇਡ ਡਾਇਰੈਕਟੋਰੇਟ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਵੀ ਯੋਗ ਗਤੀਵਿਧੀਆਂ ਵਿੱਚ ਸ਼ਿਰਕਤ ਕੀਤੀ। ਓਲੰਪੀਅਨ ਡਾ. ਤਰਲੋਕ ਸਿੰਘ ਸੰਧੂ ਅਤੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਇਸੇ ਤਰ੍ਹਾਂ ਅੱਜ ਸੈਂਟਰਲ ਲਾਇਬ੍ਰੇਰੀ ਵਿੱਚ ਪਟਿਆਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਅਤੇ ਅਗਰਵਾਲ ਚੇਤਨਾ ਸਭਾ ਨੇ ਲਾਇਬ੍ਰੇਰੀ ਦੇ ਸਹਿਯੋਗ ਨਾਲ ਯੋਗ ਦਿਵਸ ਮਨਾਇਆ। ਚੀਫ਼ ਲਾਇਬ੍ਰੇਰੀਅਨ ਪੂਜਾ ਭੰਡਾਰੀ ਨੇ ਯੋਗਾ ਦਿਵਸ ਦੀ ਵਧਾਈ ਦਿੱਤੀ। ਇਸੇ ਤਰ੍ਹਾਂ ਉੱਤਰੀ ਖੇਤਰ ਸਭਿਆਚਾਰਕ ਕੇਂਦਰ (ਐੱਨਜ਼ੈੱਡਸੀਸੀ), ਪਟਿਆਲਾ ਵੱਲੋਂ ਵਿਰਸਾ ਵਿਹਾਰ ਕੇਂਦਰ ਵਿੱਚ ਯੋਗ ਦਿਵਸ ਮਨਾਇਆ ਗਿਆ। ਪਟਿਆਲਾ ਰੇਲਵੇ ਵਰਕਸ਼ਾਪ (ਪੀਐੱਲਡਬਲਿਊ) ’ਚ ਯਸਟੇਡੀਅਮ ਵਿੱਚ ਯੋਗ ਕੈਂਪ ਲਾਇਆ ਗਿਆ। ਇਹ ਸਮਾਗਮ ਪ੍ਰਧਾਨ ਮੁਖੀ ਪ੍ਰਸ਼ਾਸਕੀ ਅਧਿਕਾਰੀ ਰਾਜੇਸ਼ ਮੋਹਨ ਦੀ ਅਗਵਾਈ ਹੇਠ ਹੋਇਆ, ਜੋ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸੰਗਰੂਰ: ਸੀ.ਐੱਮ. ਦੀ ਯੋਗਸ਼ਾਲਾ ਦੇ ਬੈਨਰ ਹੇਠ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਕਾਲੀ ਮਾਤਾ ਮੰਦਰ ਦੇ ਹਾਲ ਵਿੱਚ ਕਰਵਾਇਆ ਗਿਆ ਜਿਸ ਵਿੱਚ ਵਿਧਾਇਕਾ ਨਰਿੰਦਰ ਕੌਰ ਭਰਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕੈਂਪ ਵਿੱਚ ਭਾਗ ਲੈਣ ਵਾਲੇ ਲੋਕਾਂ ਨਾਲ ਹੋ ਕੇ ਖੁਦ ਯੋਗ ਆਸਣ ਕੀਤੇ। ਉਨ੍ਹਾਂ ਦੱਸਿਆ ਕਿ ਸੰਗਰੂਰ ਸਮੇਤ ਸਮੁੱਚੇ ਜ਼ਿਲ੍ਹੇ ਵਿੱਚ 372 ਕਲਾਸਾਂ ਲੱਗ ਰਹੀਆਂ ਹਨ, ਜਿਨ੍ਹਾਂ ’ਚ ਕਰੀਬ 5 ਹਜ਼ਾਰ ਲੋਕ ਸ਼ਾਮਲ ਹੋ ਕੇ ਲਾਭ ਉਠਾ ਰਹੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਿਤ ਬੈਂਬੀ ਨੇ ਨੌਜਵਾਨ ਪੀੜ੍ਹੀ ਨੂੰ ਤੰਦਰੁਸਤ ਰਹਿਣ ਲਈ ਯੋਗ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਯੋਗ ਟ੍ਰੇਨਰਾਂ ਬੇਅੰਤ ਸਿੰਘ, ਨਿਲਾਮ ਰਾਣੀ ਅਤੇ ਨਵਰੀਤ ਵੱਲੋਂ ਯੋਗ ਆਸਣ ਕਰਵਾਏ ਗਏ। ਇਸ ਮੌਕੇ ਭੁਪਿੰਦਰ ਸਿੰਘ ਨਹਿਲ ਪ੍ਰਧਾਨ ਨਗਰ ਕੌਂਸਲ, ਡਾ. ਮਲਕੀਅਤ ਸਿੰਘ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ, ਡਾ. ਰਵੀ ਮਦਾਨ ਐੱਸ.ਐੱਮ.ਓ., ਰਜਿੰਦਰ ਸਿੰਘ ਐੱਸ.ਐੱਮ.ਓ., ਡਾ. ਅਮਨਦੀਪ ਭਾਰਤੀ ਏ.ਐੱਮ.ਓ., ਡਾ. ਰਜਨੀ ਬਾਲਾ ਏ.ਐੱਮ.ਓ., ਡਾ. ਆਸਿਫ਼ ਏ.ਐੱਮ.ਓ., ਕਈ ਅਧਿਕਾਰੀ, ਵਿਦਿਆਰਥੀ ਤੇ ਸ਼ਹਿਰ ਵਾਸੀ ਹਾਜ਼ਰ ਸਨ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਸੌਰਵ ਕੰਪਲੈਕਸ ਵਿੱਚ ਯੋਗ ਦਿਵਸ ਮਾਰਕੀਟ ਕਮੇਟੀ ਲਹਿਰਾਗਾਗਾ ਵੱਲੋਂ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਪਹੁੰਚੇ। ਕੈਂਪ ਵਿੱਚ 400 ਦੇ ਵਿਅਕਤੀਆਂ ਨੇ ਭਾਗ ਲਿਆ। ਇਸ ਮੌਕੇ ਮਿਉਂਸਿਪਲ ਕਮੇਟੀ ਦੀ ਪ੍ਰਧਾਨ ਕਾਂਤਾ ਗੋਇਲ ਨੈਸ਼ਨਲ ਐਵਾਰਡੀ ਨੇ ਕਿਹਾ ਕਿ ਮਾਸਟਰ ਪਿਆਰਾ ਲਾਲ ਸਾਲ 2013 ਤੋਂ ਸ਼ਹਿਰਵਾਸੀਆਂ ਨੂੰ ਮੁਫ਼ਤ ਯੋਗ ਕਰਵਾ ਰਹੇ ਹਨ। ਇਸ ਮੌਕੇ ਮਾਰਕੀਟ ਕਮੇਟੀ ਵੱਲੋਂ ਪੌਦੇ ਵੰਡੇ ਗਏ ਅਤੇ ਯੋਗ ਅਭਿਆਸੀਆਂ ਨੂੰ ਸ਼ਿਕੰਜਵੀ ਤੇ ਕੇਲਿਆਂ ਦੀ ਰਿਫਰੈੱਸ਼ਮੈਂਟ ਦਿੱਤੀ ਗਈ। ਯੋਗ ਟਰੇਨਰ ਦਲਜੀਤ ਕੌਰ ਨੇ ਕਲਾਸ ਲਵਾਈ ਗਈ ਅਤੇ ਰਾਸ਼ਟਰੀ ਗੀਤ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ।
ਅਰੋੜਾ ਵੱਲੋਂ ਯੋਗ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਸ਼ਾਮਲ ਕਰਨ ਦੀ ਪ੍ਰੇਰਨਾ
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਯੋਗ ਮਨ ਨੂੰ ਸ਼ਾਂਤੀ ਪ੍ਰਦਾਨ ਕਰਨ ਦੇ ਨਾਲ-ਨਾਲ ਸਰੀਰ ਨੂੰ ਨਿਰੋਗ ਵੀ ਰੱਖਦਾ ਹੈ। ਉਨ੍ਹਾਂ ਆਮ ਲੋਕਾਂ ਅਤੇ ਹਾਜ਼ਰੀਨ ਨੂੰ ਯੋਗ ਕਿਰਿਆਵਾਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਆ। ਉਹ ਸੁਨਾਮ ਸ਼ਹਿਰ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਅਤੇ ਸਹਿਯੋਗੀ ਪਤੰਜਲੀ ਯੋਗ ਸਮਿਤੀ, ਅਗਰਵਾਲ ਸਭਾ, ਲਾਇਨਜ਼ ਕਲੱਬ, ਸ਼੍ਰੀ ਸੂਰਜਕੁੰਡ ਐੱਸਵੀਐੱਮ ਵੱਲੋਂ ਗੀਤਾ ਭਵਨ ਮੰਦਿਰ ਕੰਪਲੈਕਸ, ਰੋਟਰੀ ਕਲੱਬ ਸੁਨਾਮ ਵੱਲੋਂ ਰੋਟਰੀ ਕੰਪਲੈਕਸ, ਸਵੇਰ ਕੀ ਸੈਰ ਅਤੇ ਸ਼ਹੀਦ ਊਧਮ ਸਿੰਘ ਯੋਗਾ ਗਰੁੱਪ ਵੱਲੋਂ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿੱਚ ਮਨਾਏ ਗਏ ਯੋਗ ਦਿਵਸ ਸਮਾਗਮਾਂ ’ਚ ਸ਼ਿਰਕਤ ਕਰਨ ਉਪਰੰਤ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸਮਾਗਮਾਂ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਰਵੀ ਕਮਲ ਗੋਇਲ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਰਾਕੇਸ਼ ਕੁਮਾਰ, ਬਲਵਿੰਦਰ ਬਾਂਸਲ, ਰਵਿੰਦਰ ਹੈਪੀ, ਮਹਿਲਾ ਆਗੂ ਸੀਮਾ ਰਾਣੀ, ਰੋਟਰੀ ਕਲੱਬ ਦੇ ਪ੍ਰਧਾਨ ਦਵਿੰਦਰਪਾਲ ਸਿੰਘ, ਹਨੀਸ਼ ਸਿੰਗਲਾ, ਰਾਜਨ ਸਿੰਗਲਾ, ਅਮਨਦੀਪ ਸ਼ਾਸ਼ਤਰੀ, ਜੋਨਸ ਗੁਪਤਾ ਸਵੇਰ ਦੀ ਸੈਰ ਅਤੇ ਐੱਸਯੂਐੱਸ ਯੋਗਾ ਗਰੁੱਪ ਦੇ ਮੈਂਬਰ ਮਨਪ੍ਰੀਤ ਬਾਂਸਲ, ਗੁਰਦੀਪ ਸਿੰਘ, ਕੁਨਾਲ ਗੋਇਲ, ਅਸ਼ੋਕ ਗਾਂਧੀ, ਚਮਕੌਰ ਸਿੰਘ ਅਤੇ ਸ਼ਹਿਰ ਵਾਸੀ ਹਾਜ਼ਰ ਸਨ।
‘ਨਹੀਂ ਰੀਸਾਂ 96 ਸਾਲਾਂ ਬਜ਼ੁਰਗ ਦੀਆਂ’
ਸੰਗਰੂਰ: ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜਿੱਥੇ ਲੋਕਾਂ ਨੇ ਵੱਖ ਵੱਖ ਯੋਗ ਕਿਰਿਆਵਾਂ ਕਰ ਕੇ ਆਪਣੇ-ਆਪ ਨੂੰ ਨਿਰੋਗ ਰੱਖਣ ਦਾ ਸੁਨੇਹਾ ਦਿੱਤਾ, ਉੱਥੇ ਹੀ ਪਿੰਡ ਬਡਰੁੱਖਾਂ ਵਿੱਚ ਚੱਲ ਰਹੇ ਡਾ. ਨਰਿੰਦਰ ਸਿੰਘ ਬਿਰਧ ਆਸ਼ਰਮ ਦੇ ਮੈਂਬਰ 96 ਸਾਲਾ ਬਲਦੇਵ ਸਿੰਘ ਨੇ ਔਖੀ ਤੋਂ ਔਖੀ ਯੋਗ ਕਿਰਿਆ ਕਰ ਕੇ ਹਰ ਉਮਰ ਦੇ ਲੋਕਾਂ ਨੂੰ ਤੰਦਰੁਸਤ ਰਹਿਣ ਦੇ ਨਾਲ-ਨਾਲ ਹੌਸਲੇ ਭਰੀ ਜ਼ਿੰਦਗੀ ਜਿਊਣ ਦਾ ਵੀ ਸੱਦਾ ਦਿੱਤਾ। ਇਸ ਮੌਕੇ ਡਾ. ਕਮਲਦੀਪ ਸ਼ਰਮਾ, ਚੇਅਰਪਰਸਨ ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ, ਸੰਗਰੂਰ ਨੇ ਬਲਦੇਵ ਸਿੰਘ ਦੇ ਹੌਸਲੇ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਬਲਦੇਵ ਸਿੰਘ ਦਾ ਜੀਵਨ ਹੋਰਾਂ ਲਈ ਵੀ ਪ੍ਰੇਰਨਾਦਾਇਕ ਹੈ। ਯੋਗ ਦੀ ਕੋਈ ਉਮਰ ਨਹੀਂ, ਸਗੋਂ ਯੋਗ ਕਰਨ ਨਾਲ ਨਿਰੋਗ ਰਹਿ ਕੇ ਉਮਰ ਵਿੱਚ ਵਾਧਾ ਕੀਤਾ ਜਾ ਸਕਦਾ ਹੈ। -ਨਿੱਜੀ ਪੱਤਰ ਪ੍ਰੇਰਕ