DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੇਂਦਰੀ ਟੀਮ ਵੱਲੋਂ ਪਟਿਆਲਾ ਤੇ ਸੰਗਰੂਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ

ਵੱਖ-ਵੱਖ ਪਿੰਡਾਂ ਵਿੱਚ ਪੁੱਜੀ ਸੱਤ ਮੈਂਬਰੀ ਟੀਮ; ਕੇਂਦਰੀ ਨਿਯਮਾਂ ਅਨੁਸਾਰ ਦਿੱਤਾ ਜਾਵੇਗਾ ਮੁਆਵਜ਼ਾ: ਅਧਿਕਾਰੀ
  • fb
  • twitter
  • whatsapp
  • whatsapp
featured-img featured-img
ਸੰਗਰੂਰ ਜ਼ਿਲ੍ਹੇ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਦੀ ਹੋਈ ਕੇਂਦਰੀ ਟੀਮ।
Advertisement

ਸਰਬਜੀਤ ਭੰਗੂ/ਗੁਰਦੀਪ ਸਿੰਘ ਲਾਲੀ

ਪਟਿਆਲਾ/ਸੰਗਰੂਰ, 8 ਅਗਸਤ

Advertisement

ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਭਾਰਤ ਸਰਕਾਰ ਦੀ ਕੇਂਦਰੀ ਅੰਤਰ ਮੰਤਰਾਲਾ ਦੀ ਸੱਤ ਮੈਂਬਰੀ ਟੀਮ ਨੇ ਅੱਜ ਪਟਿਆਲਾ ਤੇ ਸੰਗਰੂਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੌਰਾ ਕੀਤਾ। ਟੀਮ ਦੀ ਅਗਵਾਈ ਕਰਦਿਆਂ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਦੇ ਵਿੱਤੀ ਸਲਾਹਕਾਰ ਰਵੀਨੇਸ਼ ਕੁਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਆਪਣੀ ਰਿਪੋਰਟ ਜਲਦੀ ਹੀ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੀ ਮੈਮੋਰੰਡਮ ਦੇ ਤੌਰ ’ਤੇ ਰਿਪੋਰਟ ਦੇਵੇਗੀ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਸਬੰਧੀ ਭਾਰਤ ਸਰਕਾਰ ਵੱਲੋਂ ਨਿਰਧਾਰਤ ਨਿਯਮਾਂ ਮੁਤਾਬਕ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਜਾਨੀ ਨੁਕਸਾਨ, ਫ਼ਸਲਾਂ ਤੇ ਘਰਾਂ ਸਮੇਤ ਹੋਰ ਮਾਲੀ ਤੇ ਬੁਨਿਆਦੀ ਢਾਂਚੇ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਨਿਰਧਾਰਤ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਟੀਮ ਨੇ ਭਾਵੇਂ ਨਿੱਜੀ ਤੌਰ ’ਤੇ ਹਲਕਾ ਸਨੌਰ ਦੇ ਰੌਹੜ ਜਗੀਰ ਤੇ ਸ਼ੁਤਰਾਣਾ ਦੇ ਬਾਦਸ਼ਾਹਪੁਰ ਆਦਿ ਪਿੰਡਾਂ ਦਾ ਹੀ ਦੌਰਾ ਕੀਤਾ, ਪਰ ਹੜ੍ਹਾਂ ਦੇ ਸਮੁੱਚੇ ਮੰਜ਼ਰ ਨੂੰ ਨੇੜਿਉਂ ਵਾਚਣ ਵਾਲੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਟੀਮ ਨੂੰ ਨੁਕਸਾਨ ਬਾਰੇ ਵਿਸਥਾਰ ਸਹਿਤ ਜਾਣੂ ਕਰਵਾਇਆ। ਟੀਮ ਨੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਤੇ ਡਿਵੀਜ਼ਨਲ ਕਮਿਸ਼ਨਰ ਅਰੁਣ ਸ਼ੇਖੜੀ ਸਮੇਤ ਹੋਰ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਟੀਮ ਦੇ ਨਾਲ ਹੀ ਰਹੇ ਸਨੌਰ ਤੇ ਸ਼ੁਤਰਾਣਾ ਦੇ ਵਿਧਾਇਕਾਂ ਹਰਮੀਤ ਸਿੰਘ ਪਠਾਣਮਾਜਰਾ ਤੇ ਕੁਲਵੰਤ ਸਿੰਘ ਨੇ ਵੀ ਆਪੋ ਆਪਣੇ ਹਲਕਿਆਂ ’ਚ ਹੋਏ ਨੁਕਸਾਨ ਸਬੰਧੀ ਜਾਣੂ ਕਰਵਾਇਆ। ਇਸ 7 ਮੈਂਬਰੀ ਕੇਂਦਰੀ ਟੀਮ ਵਿੱਚ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਬੀ.ਕੇ. ਸ੍ਰੀਵਾਸਤਵਾ, ਇਸਰੋ ਦੇ ਰੀਮੋਟ ਸੈਂਸਿੰਗ ਵਿਭਾਗ ਤੇ ਡੀ.ਐਮ.ਐਸ.ਜੀ. ਦੇ ਫਲੱਡ ਮੈਪਿੰਗ ਮੁਖੀ ਸਾਇੰਸ ਇੰਜਨੀਅਰ ਡਾ. ਏ.ਵੀ ਸੁਰੇਸ਼ ਬਾਬੂ, ਵਿੱਤ ਮੰਤਰਾਲੇ ਦੇ ਸਹਾਇਕ ਡਾਇਰੈਕਟਰ ਅੰਜਲੀ ਮੌਰਿਆ ਅਤੇ ਰੋਡ ਅਤੇ ਟਰਾਂਸਪੋਰਟ ਮੰਤਰਾਲੇ ਦੇ ਨਵੀਨ ਕੁਮਾਰ ਚੌਰਸੀਆ ਮੈਂਬਰ ਵਜੋਂ ਸ਼ਾਮਲ ਹਨ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਸਨੌਰ ਦੇ ਪ੍ਰਧਾਨ ਰਜਤ ਕਪੂਰ ਵੀ ਮੌਜੂਦ ਸਨ।

ਇਸ ਦੌਰਾਨ ਘੱਗਰ ਦਰਿਆ ’ਚ ਆਏ ਹੜ੍ਹਾਂ ਕਾਰਨ ਜ਼ਿਲ੍ਹਾ ਸੰਗਰੂਰ ਦੇ ਮੂਨਕ ਤੇ ਖਨੌਰੀ ਇਲਾਕਿਆਂ ਵਿੱਚ ਹੋਏ ਭਾਰੀ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਭਾਰਤ ਸਰਕਾਰ ਦੀ ਕੇਂਦਰੀ ਅੰਤਰ ਮੰਤਰਾਲਾ ਦੀ ਸੱਤ ਮੈਂਬਰੀ ਟੀਮ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ, ਡਵੀਜ਼ਨਲ ਕਮਿਸ਼ਨਰ ਅਰੁਣ ਸ਼ੇਖੜੀ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ। ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਦੇ ਵਿੱਤੀ ਸਲਾਹਕਾਰ ਰਵੀਨੇਸ਼ ਕੁਮਾਰ ਦੀ ਅਗਵਾਈ ਹੇਠਲੀ ਇਸ ਟੀਮ ਵੱਲੋਂ ਪਿੰਡ ਬੌਪੁਰ, ਫੂਲਦ, ਮਕੋਰੜ ਸਾਹਿਬ ਅਤੇ ਖਨੌਰੀ ਵਿਖੇ ਦੌਰਾ ਕਰਕੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ।

ਐੱਨਐੱਚਏਆਈ ਦੀ ਟੀਮ ਨੇ ਦਿੱਲੀ-ਸੰਗਰੂਰ ਮਾਰਗ ਦਾ ਜਾਇਜ਼ਾ ਲਿਆ

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਹੜ੍ਹ ਕਾਰਨ ਨੁਕਸਾਨੇ ਗਏ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਦਾ ਨੈਸ਼ਨਲ ਹਾਈਵੇ ਅਥਾਰਟੀ ਦੀ ਟੀਮ ਨੇ ਪਿੰਡ ਨਾਈਵਾਲਾ ਨੇੜੇ ਪੁੱਜ ਕੇ ਜਾਇਜ਼ਾ ਲਿਆ। ਭਾਜਪਾ ਆਗੂਆਂ ਨੇ ਕੇਂਦਰੀ ਟੀਮ ਦੇ ਅਧਿਕਾਰੀਆਂ ਨੂੰ ਹੜ੍ਹ ਦੌਰਾਨ ਨੈਸ਼ਨਲ ਹਾਈਵੇ ਦੇ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਤੇ ਭਵਿੱਖ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋਣ ਦੇ ਹਲਾਤਾਂ ਨੂੰ ਮੁੱਖ ਰੱਖਦਿਆਂ ਇਸ ਦੇ ਸਥਾਈ ਹੱਲ ਦੀ ਮੰਗ ਕੀਤੀ। ਮੁੱਖ ਮਾਰਗ ਦੇ ਪੁਲ ਦੇ ਦੋਵੇਂ ਪਾਸੇ ਸੜਕ ਨੂੰ ਹੋਏ ਨੁਕਸਾਨ ਦਾ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਡਿਪਟੀ ਮੈਨੇਜਰ ਟੈਕਨੀਕਲ ਰਾਕੇਸ਼ ਕੁਮਾਰ ਜਾਇਜ਼ਾ ਲੈਣ ਉਪਰੰਤ ਕਿਹਾ ਕਿ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਦੇ ਹੋਏ ਨੁਕਸਾਨ ਸਬੰਧੀ ਰਿਪੋਰਟ ਤਿਆਰ ਕਰਕੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਭੇਜੀ ਜਾਵੇਗੀ।

ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਸਰਕਾਰ ਨੂੰ ਘੇਰਿਆ

ਪਟਿਆਲਾ (ਖੇਤਰੀ ਪ੍ਰਤੀਨਿਧ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਜਿਥੇ ਹੜ੍ਹਾਂ ਨਾਲ ਹੋਏ ਨੁਕਸਾਨ ਲਈ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਉਥੇ ਹੀ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਜਾਇਜ਼ੇ ਲਈ ਕੇਂਦਰੀ ਟੀਮ ਦੇ ਦੇਰੀ ਨਾਲ ਆਉਣ ਦਾ ਭਾਂਡਾ ਵੀ ਪੰਜਾਬ ਸਰਕਾਰ ਭੰਨਿਆ। ਉਨ੍ਹਾਂ ਕਿਹਾ ਕਿ ਨੁਕਸਾਨ ਦੀ ਭਰਪਾਈ ਤਾਂ ਕੀ ਕਰਨੀ ਸੀ, ਬਲਕਿ ਆਪਣੀਆਂ ਬੇਹੁਦਰੀਆਂ ਨਾਲ ਕੇਂਦਰੀ ਟੀਮ ਦੀ ਆਮਦ ’ਚ ਵੀ ਦੇਰੀ ਕਰ ਦਿੱਤੀ। ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਚੰਦੂਮਾਜਰਾ ਨੇ ਕਿਹਾ ਕਿ ਕੇਂਦਰੀ ਟੀਮ ਨੂੰ ਹਿਮਾਚਲ ਅਤੇ ਹਰਿਆਣਾ ਤੋਂ ਪਹਿਲਾਂ ਪੰਜਾਬ ਵਿਚ ਆ ਕੇ ਸਥਿਤੀ ਦਾ ਜਾਇਜ਼ਾ ਲੈਣਾ ਚਾਹੀਦਾ ਸੀ।

Advertisement
×