ਅਜੀਤ ਨਗਰ ’ਚ ਨਵੇਂ ਟਿਊਬਵੈੱਲ ਦਾ ਉਦਘਾਟਨ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 21 ਜੂਨ
ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵਲੋਂ ਅੱਜ ਕਰੀਬ 1 ਕਰੋੜ 50 ਲੱਖ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਤਹਿਤ ਸਥਾਨਕ ਅਜੀਤ ਨਗਰ ਵਿਚ ਨਵੇਂ ਲਗਾਏ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲਰ ਅਵਤਾਰ ਸਿੰਘ ਤਾਰਾ ਵੀ ਮੌਜੂਦ ਸਨ।
ਇਸ ਮੌਕੇ ਵਿਧਾਇਕਾ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕਾਰਜ ਬੇਰੋਕ ਜਾਰੀ ਹਨ। ਉਨ੍ਹਾਂ ਕਿਹਾ ਕਿ ਅਜੀਤ ਨਗਰ ਦਾ ਟਿਊਬਵੈੱਲ ਪੁਰਾਣਾ ਹੋਣ ਕਾਰਨ ਲੋਕਾਂ ਨੂੰ ਪਾਣੀ ਦੀ ਪੂਰੀ ਸਪਲਾਈ ਨਹੀਂ ਮਿਲ ਰਹੀ ਸੀ ਤੇ ਸ਼ਹਿਰ ਦੇ ਹੋਰ ਕਈ ਖੇਤਰਾਂ ਵਿੱਚ ਵੀ ਅਜਿਹੀ ਦਿੱਕਤ ਆ ਰਹੀ ਸੀ ਜਿਸਨੂੰ ਮੁੱਖ ਰੱਖਦਿਆਂ ਸ਼ਹਿਰ ਦੇ 4 ਖੇਤਰਾਂ ਅਜੀਤ ਨਗਰ, ਰਣਬੀਰ ਕਾਲਜ, ਹਰੀਪੁਰਾ ਅਤੇ ਗੁਰੂ ਨਾਨਕ ਕਲੋਨੀ ਵਿੱਚ 1 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ 4 ਟਿਊਬਵੈੱਲ ਲਗਾਏ ਜਾਣੇ ਹਨ। ਇਨ੍ਹਾਂ ਵਿੱਚੋਂ ਅਜੀਤ ਨਗਰ ਦਾ ਟਿਊਬਵੈੱਲ ਮੁਕੰਮਲ ਹੋਣ ਉਪਰੰਤ ਅੱਜ ਲੋਕ ਅਰਪਿਤ ਕਰ ਦਿੱਤਾ ਗਿਆ ਹੈ ਜਿਸ ਨਾਲ ਇਸ ਖੇਤਰ ਦੇ ਲੋਕਾਂ ਦੀ ਮੰਗ ਪੂਰੀ ਹੋਈ ਹੈ। ਇਸ ਮੌਕੇ ਲਲਿਤ ਮਿੱਤਲ ਐੱਸ.ਡੀ.ਓ. ਜਲ ਸਪਲਾਈ ਸਮੇਤ ਵੱਖ-ਵੱਖ ਅਹੁਦੇਦਾਰ, ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਅਤੇ ਵੱਡੀ ਗਿਣਤੀ ਅਜੀਤ ਨਗਰ ਦੇ ਵਸਨੀਕ ਹਾਜ਼ਰ ਸਨ।