DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਿੰਡ ਗੰਗਾ ਸਿੰਘ ਵਾਲਾ ਵਿੱਚ ਕਿਸਾਨਾਂ ਨੇ ਕਬਜ਼ਾ ਕਾਰਵਾਈ ਰੋਕੀ

ਵਿਰੋਧ ਕਾਰਨ ਅਧਿਕਾਰੀਆਂ ਦੀ ਟੀਮ ਬੇਰੰਗ ਪਰਤੀ; ਫੋਰਸ ਘੱਟ ਹੋਣ ਕਾਰਨ ਕਬਜ਼ਾ ਨਹੀਂ ਲੈ ਸਕੇ: ਨਾਇਬ ਤਹਿਸੀਲਦਾਰ
  • fb
  • twitter
  • whatsapp
  • whatsapp
featured-img featured-img
ਪਿੰਡ ਗੰਗਾ ਸਿੰਘ ਵਾਲਾ ਵਿੱਚ ਜ਼ਮੀਨ ਦੇ ਕਬਜ਼ੇ ਵਿਰੁੱਧ ਧਰਨਾ ਦਿੰਦੇ ਹੋਏ ਕਿਸਾਨ। -ਫੋਟੋ: ਲਾਲੀ
Advertisement

ਨਿੱਜੀ ਪੱਤਰ ਪ੍ਰੇਰਕ

ਸੰਗਰੂਰ, 27 ਨਵੰਬਰ

Advertisement

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਇਕੱਠੇ ਹੋਏ ਕਿਸਾਨਾਂ ਨੇ ਅੱਜ ਨੇੜਲੇ ਪਿੰਡ ਗੰਗਾ ਸਿੰਘ ਵਾਲਾ ’ਚ ਇੱਕ ਕਿਸਾਨ ਦੀ ਜ਼ਮੀਨ ਦੇ ਵਾਰੰਟ ਕਬਜ਼ੇ ਦਾ ਵਿਰੋਧ ਕਰਦਿਆਂ ਉਥੇ ਧਰਨਾ ਲਗਾ ਦਿੱਤਾ। ਕਿਸਾਨਾਂ ਨੇ ਵਿਰੋਧ ਕਾਰਨ ਜ਼ਮੀਨ ਦਾ ਕਬਜ਼ਾ ਦਿਵਾਉਣ ਲਈ ਪੁਲੀਸ ਫੋਰਸ ਸਮੇਤ ਪੁੱਜੇ ਅਧਿਕਾਰੀਆਂ ਨੂੰ ਬੇਰੰਗ ਵਾਪਸ ਪਰਤਣਾ ਪਿਆ। ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਆਗੂ ਜਗਤਾਰ ਸਿੰਘ ਲੱਡੀ ਨੇ ਦੱਸਿਆ ਕਿ ਜ਼ਮੀਨ ਦਾ ਕਬਜ਼ਾ ਦਿਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀ ਪੁਲੀਸ ਫੋਰਸ ਸਮੇਤ ਆਏ ਸਨ ਪਰ ਕਿਸਾਨਾਂ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ।

ਉਨ੍ਹਾਂ ਦੱਸਿਆ ਕਿ ਕੁੱਝ ਸਾਲ ਪਹਿਲਾਂ ਕਿਸਾਨ ਹਰਪਾਲ ਸਿੰਘ ਨੇ ਕਿਸੇ ਵਿਅਕਤੀ ਨੂੰ ਇੱਕ ਵਿਘਾ ਜ਼ਮੀਨ ਦਿੱਤੀ ਸੀ ਪਰ ਉਸ ਵਿਅਕਤੀ ਵਲੋਂ ਕੁੱਝ ਪੈਸੇ ਦੇ ਦਿੱਤੇ ਸਨ ਅਤੇ ਬਾਕੀ ਪੈਸੇ ਬਾਅਦ ਵਿਚ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਬਾਅਦ ਵਿਚ ਉਸ ਵਿਅਕਤੀ ਨੇ ਜ਼ਮੀਨ ਆਪਣੇ ਨਾਮ ਕਰਵਾ ਕੇ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ। ਜਦੋਂ ਜ਼ਮੀਨ ਦਾ ਕਬਜ਼ਾ ਨਾ ਲੈ ਸਕਿਆ ਤਾਂ ਉਸ ਨੇ ਹੋਰ ਵਿਅਕਤੀਆਂ ਨੂੰ ਅੱਗੇ ਜ਼ਮੀਨ ਦੀ ਰਜਿਸਟਰੀ ਕਰਵਾ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਵਿਅਕਤੀਆਂ ਵਲੋਂ ਜ਼ਮੀਨ ਦਾ ਵਾਰੰਟ ਕਬਜ਼ਾ ਹਾਸਲ ਕਰ ਲਿਆ ਹੈ ਜਿਸ ਦੇ ਆਧਾਰ ’ਤੇ ਅੱਜ ਪ੍ਰਸ਼ਾਸ਼ਨ ਵਲੋਂ ਜ਼ਮੀਨ ਦਾ ਕਬਜ਼ਾ ਦਿਵਾਇਆ ਜਾਣਾ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਨਾਲ ਬੇਇਨਸਾਫ਼ੀ ਨਹੀਂ ਹੋਣ ਦਿਆਂਗੇ। ਇਸ ਮੌਕੇ ਕਿਸਾਨ ਆਗੂ ਜਰਨੈਲ ਸਿੰਘ, ਗੋਬਿੰਦਰ ਸਿੰਘ ਮੰਗਵਾਲ, ਬਿੱਕਰ ਸਿੰਘ ਲੋਹਾਖੇੜਾ, ਹਾਕਮ ਸਿੰਘ ਖੇੜੀ, ਹਰਦੀਪ ਸਿੰਘ ਮੰਗਵਾਲ, ਹਰਪਾਲ ਸਿੰਘ, ਨਿਰਭੈ ਸਿੰਘ, ਜੱਸੀ ਸਿੰਘ, ਭੋਲਾ ਸਿੰਘ ਸੇਰੋਂ, ਹਰਮੇਲ ਸਿੰਘ ਲੋਹਾਖੇੜਾ, ਗੁਰਦੀਪ ਸਿੰਘ ਕੰਮੋਮਾਜਰਾ, ਦੀਪਇੰਦਰ ਸਿੰਘ ਤੇ ਕੁਲਦੀਪ ਸਿੰਘ ਆਦਿ ਮੌਜੂਦ ਸਨ। ਨਾਇਬ ਤਹਿਸੀਲਦਾਰ ਗੌਰਵ ਬਾਂਸਲ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਵਿਰੋਧ ਕਾਰਨ ਜ਼ਮੀਨ ’ਤੇ ਕਬਜ਼ੇ ਦੀ ਕਾਰਵਾਈ ਨਹੀਂ ਹੋ ਸਕੀ ਕਿਉਂਕਿ ਕਿਸਾਨ ਵੱਡੀ ਗਿਣਤੀ ਵਿਚ ਸਨ ਜਦੋਂ ਕਿ ਪੁਲੀਸ ਫੋਰਸ ਘੱਟ ਸੀ।

ਕਿਸਾਨਾਂ ਵੱਲੋਂ ਥਾਣਾ ਬਾਲੀਆਂ ਅੱਗੇ ਧਰਨੇ ਦਾ ਐਲਾਨ

ਕਿਸਾਨ ਆਗੂ ਜਗਤਾਰ ਸਿੰਘ ਲੱਡੀ ਨੇ ਦੱਸਿਆ ਕਿ ਜਦੋਂ ਲੌਂਗੋਵਾਲ ਤੋਂ ਕਿਸਾਨ ਕਬਜ਼ੇ ਦੇ ਵਿਰੋਧ ’ਚ ਪੁੱਜ ਰਹੇ ਸਨ ਤਾਂ ਪੁਲੀਸ ਨੇ ਉਨ੍ਹਾਂ ਰਾਹ ’ਚ ਰੋਕ ਲਿਆ। ਪੁਲੀਸ ਦੀ ਮੌਜੂਦਗੀ ਵਿਚ ਵਿਰੋਧੀ ਧਿਰ ਨੇ ਕਿਸਾਨਾਂ ਦੀ ਗੱਡੀ ਦੇ ਟਾਇਰਾਂ ਦੀਆਂ ਟੁੱਟੀਆਂ ਪੁੱਟ ਕੇ ਹਵਾ ਕੱਢ ਦਿੱਤੀ। ਉਨ੍ਹਾਂ ਕਿਹਾ ਕਿ ਗੱਡੀ ਉਥੇ ਹੀ ਖੜ੍ਹੀ ਹੈ ਅਤੇ ਚਾਬੀ ਪੁਲੀਸ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਭਲਕੇ 28 ਨਵੰਬਰ ਨੂੰ ਥਾਣਾ ਸਦਰ ਬਾਲੀਆਂ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ।

Advertisement
×