ਕਿਸਾਨ-ਮਜ਼ਦੂਰ ਮੋਰਚਾ ਭਾਰਤ ਦੇ ਸੱਦੇ ’ਤੇ ਪੰਜਾਬ ਵਿਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਤੁਰੰਤ ਪੀੜਤਾਂ ਨੂੰ ਦੇਣ ਦੀ ਮੰਗ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਹੜ੍ਹਾਂ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਵੀ ਭੇਜਿਆ ਗਿਆ।ਯੂਨੀਅਨ ਦੀ ਜ਼ਿਲ੍ਹਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸਿੰਘ ਸੋਨੀ ਲੌਂਗੋਵਾਲ ਦੀ ਅਗਵਾਈ ਹੇਠ ਦਿੱਤੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਕਾਰਜਕਾਰੀ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਪੰਜਾਬ ਵਿੱਚ ਘੱਟੋ-ਘੱਟ ਇੱਕ ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੋਟੇ ਤੌਰ ’ਤੇ ਸਾਢੇ ਚਾਰ ਲੱਖ ਕਿਸਾਨ ਮਜ਼ਦੂਰ ਹੜ੍ਹਾਂ ਦੀ ਮਾਰ ਹੇਠ ਆਏ ਹਨ। ਪੰਜਾਹ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਚਾਰ ਲੱਖ ਏਕੜ ਫਸਲ ਤਬਾਹ ਹੋ ਗਈ ਅਤੇ ਹਜ਼ਾਰਾਂ ਘਰਾਂ ਦਾ ਨੁਕਸਾਨ ਹੋਇਆ ਹੈ ਅਤੇ ਪਸ਼ੂ ਪਾਣੀ ਵਿਚ ਰੁੜ੍ਹ ਗਏ। ਇਸ ਵੱਡੀ ਤਬਾਹੀ ਦਾ ਜ਼ਿੰਮੇਵਾਰ ਦੇਸ਼ ਦਾ ਵਿਨਾਸ਼ਕਾਰੀ ਵਿਕਾਸ ਮਾਡਲ ਹੈ ਜਿਹੜਾ ਆਪਣੇ ਮੁਨਾਫ਼ੇ ਲਈ ਕੁਦਰਤੀ ਢਾਂਚੇ ਨੂੰ ਤੋੜ ਮਰੋੜ ਕੇ ਆਪਣੇ ਢਾਂਚੇ ਵਿੱਚ ਫਿੱਟ ਕਰ ਰਿਹਾ ਹੈ।ਉਨ੍ਹਾਂ ਦੋਸ਼ ਲਾਇਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਸੋਚੀ ਸਮਝੀ ਨੀਤੀ ਤਹਿਤ ਹੜ੍ਹਾਂ ਦਾ ਮੰਜਰ ਬਣਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਮਜ਼ਦੂਰ ਮੋਰਚੇ ਵਲੋਂ ਕੀਤੇ ਐਲਾਨ ਮੁਤਾਬਕ ਹੜ੍ਹਾਂ ਨਾਲ ਜਾਨ ਗਵਾ ਚੁੱਕੇ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਇੱਕ ਕਰੋੜ ਰੁਪਏ ਮੁਆਵਜ਼ਾ, ਫਸਲਾਂ ਦੇ ਨੁਕਸਾਨ ਲਈ ਪ੍ਰਤੀ ਏਕੜ 70 ਹਜ਼ਾਰ ਰੁਪਏ, ਇੱਕ ਲੱਖ ਪ੍ਰਤੀ ਏਕੜ ਗੰਨੇ ਦਾ, ਇੱਕ ਲੱਖ ਪੱਚੀ ਹਜ਼ਾਰ ਰੁਪਏ ਪਸ਼ੂ ਦਾ, ਭੇਡਾਂ ਬੱਕਰੀਆਂ ਤੇ ਪੋਲਟਰੀ ਫਾਰਮਾਂ ਦਾ 100 ਫੀਸਦੀ ਮੁਆਵਜ਼ਾ, ਢਹਿ ਚੁੱਕੇ ਮਾਨਾਂ ਦਾ 100 ਫੀਸਦੀ ਕਿਸਾਨਾਂ ਨੂੰ ਦਿੱਤਾ ਜਾਵੇ ਅਤੇ ਅਗਲੀ ਫਸਲ ਬੀਜਣ ਲਈ ਤੇਲ ਬੀਜ ਤੇ ਖਾਦ ਮੁਫ਼ਤ ਮੁਹੱਈਆ ਕਰਵਾਈ ਜਾਵੇ।ਸੂਬਾ ਔਰਤ ਆਗੂ ਬਲਜੀਤ ਕੌਰ ਕਿਲਾ ਭਰੀਆਂ ਨੇ ਕਿਹਾ ਕਿ ਦਰਿਆਵਾਂ ਨੂੰ ਨਹਿਰੀ ਰੂਪ ਦੇ ਕੇ ਬੰਨ੍ਹ ਪੱਕੇ ਕੀਤੇ ਜਾਣ, ਦਰਿਆਵਾਂ ਵਿੱਚ ਆਈ ਜ਼ਮੀਨ ਦੇ ਮਾਲਕਾਂ ਨੂੰ ਚਾਰ ਗੁਣਾ ਮੁਆਵਜ਼ਾ ਤੇ ਉਜਾੜਾ ਭੱਤਾ ਦਿੱਤਾ ਜਾਵੇ ਅਤੇ ਸਰਕਾਰ ਤੁਰੰਤ ਪੀੜਤਾਂ ਨੂੰ ਮੁਆਵਜ਼ਾ ਦੇਵੇ ਤਾਂ ਜੋ ਉਹ ਆਪਣੀ ਜ਼ਿੰਦਗੀ ਨੂੰ ਮੁੜ ਲੀਹ ’ਤੇ ਲਿਆ ਸਕਣ। ਉਨ੍ਹਾਂ ਕਿਹਾ ਕਿ ਬਾਕੀ ਕਿਸਾਨੀ ਮੰਗਾਂ ਨੂੰ ਪੂਰਾ ਕਰਾਉਣ ਲਈ ਜਲਦ ਹੀ ਅਗਲੀ ਰਣਨੀਤੀ ਉਲੀਕੀ ਜਾਵੇਗੀ। ਰੋਸ ਧਰਨੇ ਨੂੰ ਯੂਨੀਅਨ ਆਗੂ ਹੈਪੀ ਨਮੋਲ, ਜਸਵੀਰ ਮੈਦੇਵਾਸ, ਸੰਤ ਰਾਮ ਛਾਜਲੀ, ਰਾਜਪਾਲ ਮੰਗਵਾਲ, ਅਮਰ ਲੌਂਗੋਵਾਲ , ਕਰਮਜੀਤ ਕੌਰ ਭਿੰਡਰਾਂ ਨੇ ਵੀ ਸੰਬੋਧਨ ਕੀਤਾ।