ਸਿਹਤ ਮੰਤਰੀ ਨੇ ਸਿਵਲ ਹਸਪਤਾਲ ਦਾ ਅਚਾਨਕ ਦੌਰਾ ਕੀਤਾ
ਅਮਲੇ ਦੀ ਘਾਟ ਪੂਰੀ ਕਰਨ ਦਾ ਐਲਾਨ; ਪ੍ਰਬੰਧਾਂ ’ਤੇ ਸੰਤੁਸ਼ਟੀ ਪ੍ਰਗਟ ਕੀਤੀ
ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨਾਲ ਸਿਵਲ ਹਸਤਾਲ ਸਮਾਣਾ ਦਾ ਅਚਾਨਕ ਦੌਰਾ ਕੀਤਾ। ਉਨ੍ਹਾਂ ਹਸਪਤਾਲ ਵਿਚ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਮਰੀਜ਼ਾਂ ਕੋਲੋਂ ਹਸਪਤਾਲ ਵਿੱਚ ਮਿਲਦੀਆਂ ਦਵਾਈਆਂ, ਡਾਕਟਰਾਂ ਤੇ ਦਫਤਰੀ ਅਮਲੇ ਬਾਰੇ ਜਾਣਕਾਰੀ ਹਾਸਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਬਲਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਡਾਕਟਰਾਂ ਤੇ ਨਰਸਾਂ ਦੀ ਭਰਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਹਸਪਤਾਲਾਂ ਵਿੱਚ ਸਟਾਫ ਦੀ ਘਾਟ ਹੈ ਉਥੇ ਚੋਣ ਜ਼ਾਬਤੇ ਤੋਂ ਬਾਅਦ ਅਸਾਮੀਆਂ ਭਰ ਦਿੱਤੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਹਸਪਤਾਲਾਂ ਵਿਚ ਅਮਲੇ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਸਰਕਾਰ ਵੱਲੋਂ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਸਦਕਾ ਓ ਪੀ ਡੀ ਮਰੀਜ਼ਾਂ ਦੀ ਗਿਣਤੀ ਕਈ ਗੁਣਾ ਵਧ ਗਈ ਹੈ ਪਰ ਫਿਰ ਵੀ ਜੇਕਰ ਕੋਈ ਮਰੀਜ਼ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣਾ ਚਾਹੁੰਦਾ ਹੈ, ਤਾਂ ਉਹ ਕਰਵਾ ਸਕਦਾ ਹੈ। ਉਨ੍ਹਾਂ ਹਸਪਤਾਲ ਦੇ ਪ੍ਰਬੰਧਾਂ ’ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਹਸਪਤਾਲ ’ਚ ਡੀ ਐੱਨ ਬੀ ਕੋਰਸ ਵੀ ਜਲਦੀ ਸ਼ੁਰੂ ਕਰਕੇ ਡਾਕਟਰਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਐੱਸ ਐੱਮ ਓ ਹਰਪਿੰਦਰ ਸਿੰਘ, ਡਾ. ਮਨਿੰਦਰ ਸਿੰਘ, ਡਾ. ਜਤਿਨ ਡਾਹਰਾ, ਡਾ. ਦੀਪਕ ਮੂੰਗਾ, ਡਾ. ਸਿਲਕੀ ਮੂੰਗਾ, ਡਾਕਟਰ ਦੀਪਿਕਾ ਬਾਂਸਲ ਅਨੁਰਾਗ ਗੋਇਲ, ਮਨਦੀਪ, ਗੋਲਡੀ, ਸ਼ਾਲਿਨੀ, ਸਰਬਜੀਤ ਕੌਰ ਗਿੱਲ ਤੇ ਹੋਰ ਮੌਜੂਦ ਸਨ।

