ਸਿਹਤ ਵਿਭਾਗ ਵੱਲੋਂ ਹੜ੍ਹ ਪੀੜਤਾਂ ਲਈ ਮੈਡੀਕਲ ਕੈਂਪ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਯਕੀਨੀ ਬਣਾਉਣ ਦੇ ਹੁਕਮਾਂ ਅਨੁਸਾਰ ਪਿੰਡ ਹਰਿਆਊ ਵਿੱਚ ਹੜ੍ਹ ਪੀੜਤਾਂ ਲਈ ਮੈਡੀਕਲ ਕੈਂਪ ਲਾਇਆ ਗਿਆ। ਡਾਕਟਰਾਂ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਪਿੰਡ ਦੇ ਚੌਂਕ ਵਿੱਚ ਪੁੱਜ ਕੇ ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚ ਕੀਤੀ ਅਤੇ ਉਨ੍ਹਾਂ ਨੂੰ ਨਾ ਸਿਰਫ਼ ਤੁਰੰਤ ਇਲਾਜ ਮੁਹੱਈਆ ਕਰਵਾਇਆ, ਸਗੋਂ ਬਰਸਾਤ ਦੇ ਪਾਣੀ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਵੀ ਜਾਗਰੂਕ ਕੀਤਾ।
ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਮੈਡੀਕਲ ਟੀਮਾਂ ਘਰ-ਘਰ ਜਾ ਕੇ ਲੋਕਾਂ ਦੀ ਸਿਹਤ ਦੀ ਜਾਂਚ ਕਰ ਰਹੀਆਂ ਹਨ ਅਤੇ ਜ਼ਰੂਰੀ ਦਵਾਈਆਂ, ਓ.ਆਰ.ਐੱਸ. ਦੇ ਪੈਕਟ ਅਤੇ ਹੋਰ ਸਿਹਤ ਸੰਭਾਲ ਨਾਲ ਸਬੰਧਤ ਸਮੱਗਰੀ ਮੁਫ਼ਤ ਵੰਡ ਰਹੀਆਂ ਹਨ। ਬਲਾਕ ਐਜੂਕੇਟਰ ਨਰਿੰਦਰ ਪਾਲ ਸਿੰਘ, ਸਤੀਸ਼ ਕੁਮਾਰ ਤੇ ਸੰਦੀਪ ਨੇ ਦੱਸਿਆ ਕਿ ਬਰਸਾਤੀ ਪਾਣੀ ਤੋਂ ਪ੍ਰਭਾਵਿਤ ਲੋਕਾਂ ਨੂੰ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।