ਨਿੱਜੀ ਪੱਤਰ ਪ੍ਰੇਰਕਸੰਗਰੂਰ, 30 ਮਈਇਥੇ ਸਿਵਲ ਸਰਜਨ ਡਾ. ਸੰਜੈ ਕਾਮਰਾ ਨੇ ਵਧ ਰਹੀ ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਇਜ਼ਰੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਤਿ ਦੀ ਗਰਮੀ ਮਨੁੱਖੀ ਸਿਹਤ ਲਈ ਮਾਰੂ ਸਾਬਤ ਹੋ ਸਕਦੀ ਹੈ। ਇਸ ਲਈ ਅਤਿ ਦੀ ਗਰਮੀ ਦੌਰਾਨ ਜ਼ਿਲ੍ਹਾ ਵਾਸੀ ਦੁਪਹਿਰ ਦੇ ਸਮੇਂ ਬਾਹਰ ਧੁੱਪ ਵਿੱਚ ਨਿਕਲਣ ਤੋਂ ਗੁਰੇਜ਼ ਕਰਨ। ਡਾ. ਕਾਮਰਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਸਲਾਹ ਅਨੁਸਾਰ ਨਵ ਜਨਮੇ ਬੱਚੇ, ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਲੋਕਾਂ, ਮਜ਼ਦੂਰਾਂ, ਮੋਟਾਪੇ ਨਾਲ ਪੀੜਤ ਲੋਕਾਂ, ਮਾਨਸਿਕ ਤੌਰ ’ਤੇ ਬਿਮਾਰ ਲੋਕਾਂ, ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਆਦਿ ਨੂੰ ਹਰ ਹੀਲੇ ਵਧੇਰੇ ਤਾਪਮਾਨ ਤੋਂ ਬਚਣਾ ਚਾਹੀਦਾ ਹੈ। ਡਾ. ਕਾਮਰਾ ਨੇ ਕਿਹਾ ਕਿ ਬਾਹਰ ਕੰਮ ਕਰਨ ਵੇਲੇ ਹਲਕੇ ਰੰਗ ਦੇ ਪੂਰੇ ਸਰੀਰ ਨੂੰ ਢਕਣ ਵਾਲੇ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ, ਆਪਣੇ ਸਿਰ ਨੂੰ ਸਿੱਧੀ ਧੁੱਪ ਤੋਂ ਢੱਕਣ ਲਈ ਛਤਰੀ, ਟੋਪੀ, ਤੌਲੀਏ, ਪੱਗ ਜਾਂ ਦੁਪੱਟੇ ਨਾਲ ਢੱਕ ਕੇ ਰੱਖਿਆ ਜਾਵੇ ਅਤੇ ਨੰਗੇ ਪੈਰ ਧੁੱਪ ਵਿੱਚ ਨਾ ਜਾਇਆ ਜਾਵੇ। ਜੋ ਲੋਕ ਧੁੱਪ ਵਿੱਚ ਕੰਮ ਕਰਦੇ ਹਨ, ਉਹ ਥੋੜੀ ਦੇਰ ਬਾਅਦ ਛਾਂ ਵਿੱਚ ਆਰਾਮ ਕਰਨ ਜਾਂ ਸਿਰ ’ਤੇ ਗਿੱਲਾ ਤੌਲੀਆ ਜਾਂ ਕੱਪੜਾ ਜ਼ਰੂਰ ਰੱਖਣ, ਧੁੱਪ ਵਿੱਚ ਜਾਣ ਵੇਲੇ ਹਮੇਸ਼ਾ ਪਾਣੀ ਨਾਲ ਲੈ ਕੇ ਜ਼ਰੂਰ ਜਾਣ।