ਹਰਪ੍ਰੀਤ ਕੌਰ ਖ਼ਾਲਸਾ ਦੀ ਪੁਸਤਕ ‘ਤੋਸ਼ਾਖਾਨਾ’ ਲੋਕ ਅਰਪਣ
ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਆਪਣੇ ਅਧਿਕਾਰੀਆਂ ਨੂੰ ਦਫ਼ਤਰੀ ਕੰਮਕਾਜ ਪੰਜਾਬੀ ਭਾਸ਼ਾ ਵਿੱਚ ਕਰਨ ਦੀਆਂ ਸਖ਼ਤ ਹਦਾਇਤਾਂ ਹਨ ਜਿਨ੍ਹਾਂ ’ਤੇ ਸਮੇਂ ਸਮੇਂ ਸਿਰ ਭਾਸ਼ਾ ਵਿਭਾਗ ਵਲੋਂ ਨਜ਼ਰ ਰੱਖੀ ਜਾਂਦੀ ਹੈ। ਅੱਜ ਇੱਥੇ ਸਾਹਿਤ ਸਦਨ ਸੰਗਰੂਰ ਵਲੋਂ ਕਰਵਾਏ ਗਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਜਿੱਥੇ ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਦਫ਼ਤਰਾਂ ਵਿਚ ਪੰਜਾਬੀ ਪ੍ਰਤੀ ਅਣਗਹਿਲੀ ਹੁੰਦੀ ਦਿਖਾਈ ਦੇਵੇ, ਤੁਰੰਤ ਭਾਸ਼ਾ ਵਿਭਾਗ ਦੇ ਧਿਆਨ ਵਿਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਪੂਰੇ ਭਾਰਤ ਵਿਚ ਪੰਜਾਬੀ ਕੌਮ ਹੀ ਹੈ ਜਿਸ ਦਾ ਇਕ ਹਿੱਸਾ ਪੰਜਾਬੀ ਨੂੰ ਆਪਣੀ ਮਾਂ ਬੋਲੀ ਨਹੀਂ ਮੰਨਦਾ ਅਤੇ ਇਹ ਸਾਡੇ ਲਈ ਚਿੰਤਾਂ ਅਤੇ ਚਿੰਤਨ ਦਾ ਵਿਸ਼ਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਡਾ. ਹਰਪ੍ਰੀਤ ਕੌਰ ਖ਼ਾਲਸਾ ਦੀ ਪੰਜਾਬੀ ਪੁਸਤਕ ‘ਤੋਸ਼ਾਖ਼ਾਨਾ’ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਅਤੇ ਕਿਹਾ ਕਿ ਪੰਜਾਬੀਆਂ ਨੂੰ ਆਪਣਾ ਇਤਿਹਾਸ ਜਾਨਣ ਦੀ ਲੋੜ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਜਿੱਥੇ ਤੋਸ਼ਾਖ਼ਾਨਾ ਦੀ ਲੇਖਕਾ ਡਾ: ਹਰਪ੍ਰੀਤ ਕੌਰ ਦੇ ਉੱਦਮ ਦੀ ਸ਼ਲਾਘਾ ਕੀਤੀ ਉੱਥੇ ਉਨ੍ਹਾਂ ਨੇ ਪੰਜਾਬੀਆਂ ਦੀ ਆਪਣੀ ਮਾਂ ਬੋਲੀ ਅਤੇ ਆਪਣਾ ਇਤਿਹਾਸ ਸੰਭਾਲਣ ਦਾ ਸੱਦਾ ਦਿੱਤਾ। ‘ਤੋਸ਼ਾਖ਼ਾਨਾ’ ਲੋਕ ਅਰਪਣ ਕਰਨ ਦੀ ਰਸਮ ਜਸਵੰਤ ਸਿੰਘ ਜ਼ਫ਼ਰ, ਜਸਵੰਤ ਸਿੰਘ ਖਹਿਰਾ, ਮੋਹਨ ਸ਼ਰਮਾ, ਡਾ. ਇਕਬਾਲ ਸਿੰਘ, ਬਲਵੰਤ ਸਿੰਘ ਜੋਗਾ, ਡਾ. ਨਰਵਿੰਦਰ ਕੌਸ਼ਲ, ਕੁਲਵੰਤ ਕਸ਼ਕ, ਸੁਰਿੰਦਰਪਾਲ ਸਿੰਘ ਸਿਦਕੀ, ਅਭੇਜੀਤ ਸਿੰਘ ਗਰੇਵਾਲ ਅਤੇ ਜੀਤ ਹਰਜੀਤ ਨੇ ਅਦਾ ਕੀਤੀ। ਇਸ ਮੌਕੇ ਸ਼ਾਮਲ ਕਵੀਆਂ ਵੱਲੋਂ ਆਪਣੀਆਂ ਕਾਵਿ ਰਚਨਾਵਾਂ ਸੁਣਾਈਆਂ ਗਈਆਂ। ਸਮਾਗਮ ਦੇ ਸ਼ੁਰੂ ਵਿਚ ਸਾਹਿਤ ਸਦਨ ਦੇ ਮੀਤ ਪ੍ਰਧਾਨ ਸਸ਼ੀ ਬਾਲਾ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਸਮਾਪਤੀ ਵੇਲੇ ਰਮਨੀਤ ਚਾਨੀ ਨੇ ਧੰਨਵਾਦ ਕੀਤਾ।