ਹਰਪਾਲ ਚੀਮਾ ਵੱਲੋਂ ਵਿਕਾਸ ਕਾਰਜਾਂ ਦਾ ਨੀਂਹ ਪੱਥਰ
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਲਕਾ ਦਿੜ੍ਹਬਾ ਨੂੰ ਅੱਵਲ ਦਰਜੇ ਦਾ ਹਲਕਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਨੇ ਅੱਜ ਹਲਕਾ ਦਿੜ੍ਹਬਾ ਦੇ ਪਿੰਡ ਰਾਮਗੜ੍ਹ ਜਵੰਧਾ ਵਿੱਚ 4.38 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿਕਾਸ ਕਾਰਜਾਂ ਤਹਿਤ ਪਿੰਡ ਦੀ ਕੱਚੀ ਫਿਰਨੀ ਤੋਂ ਪੱਕੀ ਸੜਕ ਲਈ 62 ਲੱਖ ਰੁਪਏ, ਪਿੰਡ ਦੀਆਂ ਸੜਕਾਂ ਜੋ ਸੁਨਾਮ ਅਤੇ ਲਹਿਰਾ ਅਤੇ ਕੌਹਰੀਆਂ ਰੋਡ ਨੂੰ ਜੋੜਦੀਆਂ ਹਨ ਲਈ 66 ਲੱਖ ਰੁਪਏ, ਸਰਕਾਰੀ ਹਾਈ ਸਕੂਲ ਦੇ ਵੱਖ-ਵੱਖ ਕੰਮਾ ਲਈ 19,07,895 ਰੁਪਏ, ਸੁਨਾਮ ਅਤੇ ਲਹਿਰਾ ਰੋਡ ਤੋਂ ਛੱਪੜ ਤੱਕ ਸੀਵਰੇਜ ਲਈ 37,50,000 ਰੁਪਏ, ਛੱਪੜ ਤੋਂ ਲੈ ਕੇ ਛਾਜਲੀ ਪਹੀ ਤੱਕ ਡਰੇਨ ਨੂੰ ਜੋੜਦੇ ਸੀਵਰੇਜ ਲਈ 12 ਲੱਖ ਰੁਪਏ, ਨਹਿਰੀ ਪਾਈਪ ਲਾਈਨ ਲਈ 22.66 ਲੱਖ ਰੁਪਏ, ਪਿੰਡ ਰਾਮਗੜ੍ਹ ਜਵੰਧੇ ਤੋਂ ਪਿੰਡ ਛਾਜਲੀ ਤੱਕ ਕੱਚੇ ਪਹੇ ਨੂੰ ਨਵੀਂ ਸੜਕ ਬਣਾਉਣ ਲਈ 2 ਕਰੋੜ 19 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਕੰਮ ਸ਼ੁਰੂ ਕਰਵਾਏ ਗਏ। ਇਸ ਮੌਕੇ ਮੰਤਰੀ ਨੇ ਕਿਹਾ ਕਿ ਹਲਕਾ ਦਿੜ੍ਹਬਾ ਨੂੰ ਸੂਬੇ ਦਾ ਅੱਵਲ ਦਰਜੇ ਦਾ ਹਲਕਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਖੇਤਰ ਵਿਕਾਸ ਲਈ ਵਚਨਬੱਧ ਹੈ। ਇਸ ਦੌਰਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਗਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਓਐੱਸਡੀ ਤਪਿੰਦਰ ਸਿੰਘ ਸੋਹੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਵੱਖੋ ਵੱਖ ਅਹੁਦੇਦਾਰ, ਪਤਵੰਤੇ ਤੇ ਪਿੰਡ ਵਾਸੀ ਹਾਜ਼ਰ ਸਨ।