ਗਿਆਨ ਜਯੋਤੀ ਸੁਸਾਇਟੀ ਨੇ ਨਹਿਰੂ ਪਾਰਕ ’ਚ ਸਫ਼ਾਈ ਮੁਹਿੰਮ ਚਲਾਈ
ਮੇਅਰ ਅਤੇ ਸੁਸਾਇਟੀ ਪ੍ਰਧਾਨ ਨੇ ਲੋਕਾਂ ਨੂੰ ਕੱਪੜੇ ਦੇ ਥੈਲੇ ਵਰਤਣ ਲਈ ਪ੍ਰੇਰਿਆ
ਪ੍ਰਸਿੱਧ ਸਮਾਜ ਸੇਵੀ ਸੰਸਥਾ ‘ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ’ ਵੱਲੋਂ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਹੇਠ ਅੱਜ ਇਥੇ ਨਹਿਰੂ ਪਾਰਕ ਵਿੱਚ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਗਈ। ਇਸ ਦੌਰਾਨ ਮੇਅਰ ਕੁੰਦਨ ਗੋਗੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਲੋਕਾਂ ਨੂੰ ਪਲਾਸਟਿਕ ਥੈਲੇ ਦੀ ਬਜਾਏ ਕੱਪੜੇ ਦੇ ਥੈਲੇ ਦੀ ਵਰਤੋਂ ਕਰਨ ਲਈ ਪ੍ਰੇਰਿਆ। ਉਨ੍ਹਾਂ ਸੁਸਾਇਟੀ ਵੱਲੋਂ ਤਿਆਰ ਕਰਕੇ ਲਿਆਂਦੇ ਗਏ ਕੱਪੜੇ ਦੇ ਥੈਲੇ ਵੀ ਲੋਕਾਂ ਨੂੰ ਵੰਡੇ। ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਵਿੱਚ ਸ਼ਾਮਲ ਹੋਏ ਵਾਲੰਟੀਅਰਾਂ ਨੇ ਨਹਿਰੂ ਪਾਰਕ ਦੀਆਂ ਵੱਖ-ਵੱਖ ਥਾਵਾਂ ਤੋਂ ਕੂੜਾ, ਪਲਾਸਟਿਕ ਦੀਆਂ ਬੋਤਲਾਂ, ਰੈਪਰ ਆਦਿ ਇਕੱਠਾ ਕਰਕੇ ਸਫ਼ਾਈ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਿਰਫ਼ ਸਫਾਈ ਮੁਹਿੰਮ ਨਹੀਂ, ਸਗੋਂ ਵਾਤਾਵਰਨ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਪਹੁੰਚਾਉਣ ਦਾ ਉਦੇਸ਼ ਵੀ ਹੈ।
ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਲਾਸਟਿਕ ਦੀ ਵਰਤੋਂ ਨਾਲ ਮਿੱਟੀ, ਪਾਣੀ ਅਤੇ ਹਵਾ ਸਭ ਪ੍ਰਦੂਸ਼ਿਤ ਹੋ ਰਹੇ ਹਨ। ਪਹਿਲਾਂ ਲੋਕ ਘਰ ਵਿੱਚ ਹੀ ਕੱਪੜੇ ਦੇ ਥੈਲੇ ਬਣਾ ਕੇ ਵਰਤਦੇ ਸਨ, ਪਰ ਹੁਣ ਪਲਾਸਟਿਕ ਦੀ ਵਰਤੋਂ ਆਮ ਹੋਣ ਲੱਗੀ ਹੈ, ਜੋ ਵਾਤਾਵਰਨ ਲਈ ਘਾਤਕ ਹੈ।
ਉਪਕਾਰ ਸਿੰਘ ਨੇ ਕਿਹਾ ਕਿ ਪੂਰਾ ਵਿਸ਼ਵ ਅੱਜ ਵਾਤਾਵਰਨ ਪ੍ਰਦੂਸ਼ਣ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਲਈ ਮਨੁੱਖ ਜ਼ਿੰਮੇਵਾਰ ਹੈ। ਨਵੀਂ ਪੀੜ੍ਹੀ ਨੂੰ ਅੱਗੇ ਆ ਕੇ ਪਲਾਸਟਿਕ ਮੁਕਤ ਸਮਾਜ ਬਣਾਉਣ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਪਾਰਕ ਵਿੱਚ ਸੈਰ ਕਰਨ ਆਏ ਲੋਕਾਂ ਨੂੰ ਸੁਸਾਇਟੀ ਦੇ ਮੈਂਬਰਾਂ ਨੇ ਜਾਗਰੂਕ ਕੀਤਾ।

