ਗੁਰਦੁਆਰਾ ਸਾਹਿਬ ਵਲੋਂ ਘੱਗਰ ਬੰਨ੍ਹ ਨੂੰ ਮਜ਼ਬੂਤ ਕਰਨ ਵਾਸਤੇ ਸੰਗਤ ਨੂੰ ਦਿੱਤਾ 2 ਹਜ਼ਾਰ ਲਿਟਰ ਡੀਜ਼ਲ: ਮੈਨੇਜਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੰਡਾਂ ਦੀ ਵਰਤੋਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤੇ ਐਲਾਨਾਂ ਨੂੰ ਪੂਰਾ ਕਰਨ ਉਪਰ ਉਠੇ ਸਵਾਲਾਂ ਦੇ ਜਵਾਬ ਵਿਚ ਅੱਜ ਇਥੇ ਐਸਜੀਪੀਸੀ ਦੇ ਪ੍ਰਬੰਧਾਂ ਅਧੀਨ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਦੇ ਮੈਨੇਜਰ ਰਾਜਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਸਪੱਸ਼ਟ ਕੀਤਾ ਹੈ ਕਿ ਗੁਰਦੁਆਰਾ ਨਾਨਕਿਆਣਾ ਸਾਹਿਬ ਵਲੋਂ ਜ਼ਿਲ੍ਹਾ ਸੰਗਰੂਰ ਦੇ ਖਨੌਰੀ-ਮੂਨਕ ਵਿਖੇ ਘੱਗਰ ਦੀ ਮਾਰ ਝੱਲ ਰਹੇ ਪਿੰਡਾਂ ਵਿਚ ਸੰਗਤ ਘੱਗਰ ਦੇ ਬੰਨ੍ਹਾਂ ਨੂੰ ਮਜਬੂਤ ਕਰ ਰਹੀ ਹੈ ਅਤੇ ਸੰਗਤ ਦੀ ਮੰਗ ਨੁੂੰ ਮੁੱਖ ਰੱਖਦਿਆਂ ਹੀ 2000 ਹਜ਼ਾਰ ਲਿਟਰ ਡੀਜ਼ਲ ਦਿੱਤਾ ਗਿਆ ਸੀ ਜਿਸ ਨੂੰ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਇੱਕ ਸਿਆਸੀ ਧਿਰ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਬੇਬੁਨਿਆਦ ਹੈ।
ਅੱਜ ਗੁਰਦੁਆਰਾ ਨਾਨਕਿਆਣਾ ਸਾਹਿਬ ਦੇ ਸਮੂਹ ਸਟਾਫ਼ ਸਮੇਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੈਨੇਜਰ ਰਾਜਿੰਦਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੜ੍ਹ ਪੀੜ੍ਹਤ ਪਰਿਵਾਰਾਂ ਦੀ ਵੱਖ-ਵੱਖ ਤਰ੍ਹਾਂ ਮਦਦ ਕਰਦੇ ਹਨ, ਉਸੇ ਤਰ੍ਹਾਂ ਹੀ ਗੁਰਦੁਆਰਾ ਸਾਹਿਬ ਵਲੋਂ ਸੰਗਤ ਦੀ ਮੰਗ ’ਤੇ ਡੀਜ਼ਲ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਤੇ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਉਥੇ ਐੱਸਜੀਪੀਸੀ ਮਨੁੱਖਤਾ ਦੀ ਸੇਵਾ ਲਈ ਜੁਟ ਜਾਂਦੀ ਹੈ। ਹੁਣ ਪੰਜਾਬ ਵਿਚ ਹੜ੍ਹ ਕਾਰਨ ਬਹੁਤ ਸਾਰਾ ਨੁਕਸਾਨ ਹੋਇਆ ਹੈ। ਉਥੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪ ਅੱਗੇ ਹੋ ਕੇ ਹਰ ਤਰ੍ਹਾਂ ਦੀ ਸਹਾਇਤਾ ਕਰ ਰਹੇ ਹਨ ਅਤੇ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੇ ਮੈਨੇਜਰਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਹੜ੍ਹ ਦੀ ਮਾਰ ਝੱਲ ਰਹੀ ਸੰਗਤ ਦੀ ਮਦਦ ਕੀਤੀ ਜਾਵੇ। ਇਹ ਮਦਦ ਨਿਰੰਤਰ ਐਸਜੀਪੀਸੀ ਵਲੋਂ ਕੀਤੀ ਗਈ ਹੈ ਅਤੇ ਕਰ ਰਹੀ ਹੈ, ਇਸ ਨੂੰ ਕਿਸੇ ਸਿਆਸੀ ਨਾਲ ਜੋੜਨਾ ਬੇਬੁਨਿਆਦ ਹੈ। ਇਸ ਮੌਕੇ ਜਥੇਦਾਰ ਗੁਰਲਾਲ ਸਿੰਘ ਫਤਿਹਗੜ੍ਹ, ਸਤਿਗੁਰ ਸਿੰਘ ਅਕਾਊਟੈਂਟ , ਗੁਰਦਿਆਲ ਸਿੰਘ ਇੰਸਪੈਕਟਰ, ਰਾਜਵੀਰ ਸਿੰਘ ਰਿਕਾਰਡਕੀਪਰ, ਮਨਪ੍ਰੀਤ ਸਿੰਘ ਭਲਵਾਨ ਸੁਪਰਵਾਈਜ਼ਰ, ਜਗਸੀਰ ਸਿੰਘ ਸਟੋਰ ਕੀਪਰ, ਗੁਰਸੇਵਕ ਸਿੰਘ ਸਟੋਰਕੀਪਰ , ਹਰਪ੍ਰੀਤ ਸਿੰਘ ਸਹਾਇਕ ਰਿਕਾਰਡਕੀਪਰ, ਗੁਰਿੰਦਰ ਸਿੰਘ, ਜਤਿੰਦਰ ਸਿੰਘ ਹਜੂਰੀ ਰਾਗੀ, ਭਾਈ ਹਰਪ੍ਰੀਤ ਸਿੰਘ ਗ੍ਰੰਥੀ ਅਤੇ ਗੁਰਦੁਆਰਾ ਸਾਹਿਬ ਦਾ ਸਮੂਹ ਸਟਾਫ ਹਾਜ਼ਰ ਸੀ।