ਦਰਿਆਵਾਂ ਨੂੰ ਡੂੰਘਾ ਅਤੇ ਚੌੜਾ ਕਰੇਗੀ ਸਰਕਾਰ: ਬਲਬੀਰ ਸਿੰਘ
ਸਿਹਤ ਮੰਤਰੀ ਨੇ ਹਡ਼੍ਹ ਪੀਡ਼ਤ ਕਿਸਾਨਾਂ ਨੂੰ ਮੁਆਵਜ਼ਾ ਵੰਡਿਆ
ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਅਗਲੇ ਮੌਨਸੂਨ ਸੀਜ਼ਨ ਤੋਂ ਪਹਿਲਾਂ ਹੜ੍ਹਾਂ ਵਾਲੇ ਦਰਿਆਵਾਂ ਅਤੇ ਨਦੀਆਂ ਨੂੰ ਪੰਜਾਬ ਸਰਕਾਰ ਡੂੰਘਾ ਅਤੇ ਚੌੜਾ ਕਰੇਗੀ ਕਿਉਂਕਿ ਸਤਲੁਜ, ਬਿਆਸ, ਘੱਗਰ, ਟਾਂਗਰੀ ਤੇ ਮਾਰਕੰਡਾ ਵਿੱਚ ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਚੰਡੀਗੜ੍ਹ ਤੋਂ ਆਇਆ ਪਾਣੀ ਹੜ੍ਹ ਲਿਆ ਦਿੰਦਾ ਹੈ। ਪਟਿਆਲਾ ਜ਼ਿਲ੍ਹੇ ਦੇ 141 ਪਿੰਡ ’ਚ 19 ਹਜ਼ਾਰ ਏਕੜ ਤੋਂ ਵੱਧ ਰਕਬੇ ’ਚ ਫ਼ਸਲਾਂ ਤਬਾਹ ਹੋਈਆਂ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਅੱਜ ਘਨੌਰ ਦੇ ਸਮਸ਼ਪੁਰ, ਸ਼ੇਖਪੁਰ ਤੇ ਲੋਹਸਿੰਬਲੀ ਪਿੰਡਾਂ ਦੇ ਹੜ੍ਹ ਪ੍ਰਭਾਵਿਤ 232 ਕਿਸਾਨਾਂ ਨੂੰ 88 ਲੱਖ ਦੀ ਮੁਆਵਜ਼ਾ ਰਾਸ਼ੀ ਵੰਡਣ ਮੌਕੇ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਵਿਧਾਇਕ ਗੁਰਲਾਲ ਘਨੌਰ ਤੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਵੀ ਮੌਜੂਦ ਸਨ। ਇਸ ਮੌਕੇ ਕੇਂਦਰ ਸਰਕਾਰ ’ਤੇ ਪੰਜਾਬ ਨਾਲ ਕਦਮ ਕਦਮ ’ਤੇ ਧਰੋਹ ਕਮਾਉਣ ਦੇ ਇਲਜ਼ਾਮ ਲਾਉਂਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਹੜ੍ਹਾਂ ਦੀ ਕਰੋਪੀ ਨਾਲ ਹੋਏ ਭਾਰੀ ਨੁਕਸਾਨ ਦੇ ਬਾਵਜੂਦ ਵੀ ਕੇਂਦਰ ਸਰਕਾਰ ਨੇ ਪੰਜਾਬ ਦੀ ਬਾਂਹ ਨਹੀਂ ਫੜੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਦੁੱਖ ਦੀ ਘੜੀ ’ਚ ਹੜ੍ਹ ਮਾਰੇ ਪੰਜਾਬ ਨਾਲ ਵਿਤਕਰਾ ਨਾ ਕਰੇ। ਉਨ੍ਹਾਂ ਕਿਹਾ ਕਿ ਐਤਕੀਂ ਹੜ੍ਹਾਂ ਨਾਲ ਇਸ ਸਦੀ ਦੀ ਸਭ ਤੋਂ ਵੱਡੀ ਬਰਬਾਦੀ ਹੋਈ ਪਰ ਪੰਜਾਬ ਸਰਕਾਰ ਨੇ 30 ਦਿਨਾਂ ਦੇ ਅੰਦਰ ਅੰਦਰ ਪੀੜਤਾਂ ਨੂੰ ਮੁਆਵਜ਼ਾ ਵੰਡਣ ਲਈ ਚੈੱਕ ਤਕਸੀਮ ਕਰਕੇ ਸੂਬੇ ਦੇ ਹੜ੍ਹ ਪੀੜਤਾਂ ਦੇ ਨਾਲ ਖੜ੍ਹੇ ਹੋਣ ਦਾ ਸਬੂਤ ਦਿੱਤਾ ਹੈ। ਸਰਕਾਰ ਨੇ ‘ਜਿਸ ਦਾ ਖੇਤ, ਉਸ ਦਾ ਰੇਤ’ ਨੀਤੀ ਪ੍ਰਵਾਨ ਕੀਤੀ। ਬੀਜ ਤੇ ਡਾਕਟਰੀ ਜਾਂਚ ਲਈ ਸਿਹਤ ਕੈਂਪ ਲਾਉਣ ਸਮੇਤ ਪਸ਼ੂਆਂ ਲਈ ਟੀਕਾਕਰਨ ਮੁਹਿੰਮ ਵੀ ਸ਼ੁਰੂ ਕੀਤੀ ਪਰ ਕੇਂਦਰ ਸਰਕਾਰ ਜਾਣ-ਬੁੱਝ ਕੇ ਪੰਜਾਬ ਦੀਆਂ ਮੰਗਾਂ ਨੂੰ ਲਮਕਾ ਰਹੀ ਹੈ। ਸੂਬਾ ਸਰਕਾਰ ਨੇ ਪ੍ਰਤੀ ਏਕੜ 50 ਹਜ਼ਾਰ ਦੇਣ ਦੀ ਕੀਤੀ ਗਈ ਬੇਨਤੀ ਦਾ ਕੇਂਦਰ ਤੋਂ ਅਜੇ ਤੱਕ ਵੀ ਕੋਈ ਜਵਾਬ ਨਹੀਂ ਮਿਲਿਆ। ਇਸ ਦੇ ਬਾਵਜੂਦ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ੇ ਦੀ ਰਕਮ ਵਿੱਚ 15 ਹਜ਼ਾਰ ਰੁਪਏ ਪੰਜਾਬ ਸਰਕਾਰ ਪਾ ਕੇ ਦੇ ਰਹੀ ਹੈ। ਢਹਿ-ਢੇਰੀ ਹੋਏ ਘਰਾਂ ਲਈ ਪੰਜਾਬ ਸਰਕਾਰ ਵੱਲੋਂ 1.20 ਲੱਖ ਤੇ ਅੰਸ਼ਕ ਤੌਰ ’ਤੇ ਨੁਕਸਾਨੇ ਘਰਾਂ ਲਈ 40 ਹਜ਼ਾਰ ਰੁਪਏ ਦਿੱਤੇ ਜਾਣਗੇ। ਪਿਛਲੀਅਆਂ ਸਰਕਾਰਾਂ ਮੌਕੇ ਇਹ ਰਕਮ 6500 ਰੁਪਏ ਸੀ। ਹਲਕਾ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਨੇ ਨੁਕਸਾਨ ਦੀ ਭਰਪਾਈ ਲਈ ਕਿਸਾਨਾਂ ਨੂੰ ਪ੍ਰਤੀ ਏਕੜ 20 ਹਜ਼ਾਰ ਮੁਆਵਜ਼ਾ ਦਿੱਤਾ ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਮੁਆਵਜ਼ਾ ਰਾਸ਼ੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਸੌਂਟਾ ਦੇ ਕਿਸਾਨਾਂ ਨੂੰ 13.80 ਲੱਖ, ਸ਼ੇਖਪੁਰ ਤੇ ਲੋਹਸਿੰਬਲੀ ਦੇ ਕਿਸਾਨਾਂ ਨੂੰ 13.72 ਲੱਖ ਅਤੇ ਸਮਸ਼ਪੁਰ ਦੇ ਕਿਸਾਨਾਂ ਨੂੰ 60 ਲੱਖ ਦੀ ਮੁਆਵਜ਼ਾ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਇਸ ਮੌਕੇ ਐੱਸ ਡੀ ਐੱਮ ਅਵਿਕੇਸ਼ ਗੁਪਤਾ, ਤਹਿਸੀਲਦਾਰ ਪਰਦੀਪ ਕੁਮਾਰ ਸਮੇਤ ਪਿੰਡਾਂ ਦੇ ਵਸਨੀਕ ਵੀ ਮੌਜੂਦ ਸਨ।
ਚੀਮਾ ਨੇ ਅੱਠ ਪਰਿਵਾਰਾਂ ਨੂੰ ਮੁਆਵਜ਼ਾ ਵੰਡਿਆ
ਧੂਰੀ (ਬੀਰਬਲ ਰਿਸ਼ੀ): ਪੰਜਾਬ ਸਰਕਾਰ ਨੇ ਹੜ੍ਹ ਪੀੜ੍ਹਤਾਂ ਨੂੰ 30 ਦਿਨਾਂ ਵਿੱਚ ਮੁਆਵਜ਼ਾ ਦੇਣ ਦਾ ਵਾਅਦਾ ਪੂਰਾ ਕਰਦਿਆਂ ਸੂਬੇ ਲਈ 209 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ ਜਿਸ ਵਿੱਚੋਂ ਜ਼ਿਲ੍ਹਾ ਸੰਗਰੂਰ ਦੇ ਹੜ੍ਹ ਪੀੜ੍ਹਤਾਂ ਨੂੰ 3.50 ਕਰੋੜ ਰੁਪਏ ਵੰਡੇ ਜਾਣਗੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਹਲਕਾ ਧੂਰੀ ਦੇ 8 ਹੜ੍ਹ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਵੰਡਣ ਦਾ ਆਗਾਜ਼ ਕੀਤਾ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਅੱਜ ਪੰਜਾਬ ਭਰ ਦੇ 13 ਕੈਬਨਿਟ ਮੰਤਰੀ ਮਿਸ਼ਨ ਪੁਨਰਵਾਸ ਤਹਿਤ ਰਾਹਤ ਰਾਸ਼ੀ ਵੰਡਣ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀਂ ਅਜਨਾਲਾ ਵਿੱਚ 631 ਕਿਸਾਨਾਂ ਨੂੰ 5.70 ਕਰੋੜ ਰੁਪਏ ਦੇ ਚੈੱਕ ਵੰਡ ਕੇ ਮਿਸ਼ਨ ਪੁਨਰਵਾਸ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪਹਿਲੀ ਵਾਰ ਕਿਸਾਨਾਂ ਨੂੰ ਪ੍ਰਤੀ ਏਕੜ 20,000 ਰੁਪਏ ਮੁਆਵਜ਼ਾ ਦਿੱਤਾ ਗਿਆ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਦੀ ਪਿੱਠ ਥਾਪੜਦਿਆਂ ਕਿਹਾ ਕਿ ਘੱਗਰ ਵਿੱਚ 747 ਫੁੱਟ ਪਾਣੀ ਹੋਣ ’ਤੇ ਪਾੜ ਪੈ ਜਾਂਦਾ ਸੀ। ਇਸ ਵਾਰ 755 ਫੁੱਟ ਪਾਣੀ ਹੋਣ ’ਤੇ ਵੀ ਸਥਿਤੀ ਕਾਬੂ ਵਿੱਚ ਰਹੀ। ਡੀ ਸੀ ਰਾਹੁਲ ਚਾਬਾ ਨੇ ਜ਼ਿਲ੍ਹਾ ਸੰਗਰੂਰ ਵਿੱਚ ਹੜ੍ਹ ਦਾ ਮੁਕਾਬਲਾ ਕਰਨ ਲਈ ਕੀਤੇ ਗਏ ਯਤਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਪੰਜਾਬ ਸਰਕਾਰ ਦਾ ਇਹ ਮੁਆਵਜ਼ਾ ਰਾਸ਼ੀ ਜਾਰੀ ਕਰਨ ਲਈ ਧੰਨਵਾਦ ਕੀਤਾ।