ਸੰਗਰੂਰ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ
ਜ਼ਿਲ੍ਹਾ ਸੰਗਰੂਰ ਵਿੱਚ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਅੱਜ ਪਹਿਲੇ ਦਿਨ ਸੰਗਰੂਰ ਦੇ ਕਿਸਾਨ ਰਾਜਿੰਦਰ ਸਿੰਘ ਦੀ ਪਹਿਲੀ ਢੇਰੀ ਦੀ ਬੋਲੀ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਖੁਦ ਕਰਵਾਈ। ਬੋਲੀ ਦੀ ਸ਼ੁਰੂਆਤ ਮੌਕੇ ਆੜ੍ਹਤੀਆਂ ਵਲੋਂ ਖੁਸ਼ੀ...
ਜ਼ਿਲ੍ਹਾ ਸੰਗਰੂਰ ਵਿੱਚ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਅੱਜ ਪਹਿਲੇ ਦਿਨ ਸੰਗਰੂਰ ਦੇ ਕਿਸਾਨ ਰਾਜਿੰਦਰ ਸਿੰਘ ਦੀ ਪਹਿਲੀ ਢੇਰੀ ਦੀ ਬੋਲੀ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਖੁਦ ਕਰਵਾਈ। ਬੋਲੀ ਦੀ ਸ਼ੁਰੂਆਤ ਮੌਕੇ ਆੜ੍ਹਤੀਆਂ ਵਲੋਂ ਖੁਸ਼ੀ ’ਚ ਮਿਠਾਈ ਵੰਡੀ ਗਈ। ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਜ਼ਿਲ੍ਹਾ ਸੰਗਰੂਰ ਵਿੱਚ ਝੋਨੇ ਦੀ ਕੁੱਲ 1354166 ਮੀਟਰਕ ਟਨ ਆਮਦ ਹੋਣ ਦੀ ਸੰਭਾਵਨਾ ਹੈ। ਅਨਾਜ ਮੰਡੀ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਝੋਨੇ ਦੀ ਖਰੀਦ ਲਈ ਕੁੱਲ 172 ਖਰੀਦ ਕੇਂਦਰ ਐਲਾਨੇ ਗਏ ਹਨ। ਸਰਕਾਰ ਵਲੋਂ ਖਰੀਦ ਏਜੰਸੀਆਂ ਲਈ ਨਿਰਧਾਰਤ ਕੀਤੇ ਖਰੀਦ ਟੀਚੇ ਤਹਿਤ ਪਨਗ੍ਰੇਨ, ਪਨਸਪ, ਮਾਰਕਫੈੱਡ, ਵੇਅਰ ਹਾਊਸ, ਐਫ. ਸੀ. ਆਈ. ਖਰੀਦ ਕਰਨਗੀਆਂ ਖਰੀਦ ਏਜੰਸੀਆਂ ਨੂੰ ਸੀਜ਼ਨ ਦੌਰਾਨ ਕੁੱਲ 37650 ਗੱਠਾਂ ਦੀ ਲੋੜ ਹੈ ਅਤੇ ਖਰੀਦ ਏਜੰਸੀਆਂ ਕੋਲ ਸਾਰੀਆਂ ਗੱਠਾਂ ਹਨ। ਜ਼ਿਲ੍ਹਾ ਸੰਗਰੂਰ ਵਿੱਚ ਕੁੱਲ 620 ਚੌਲ ਮਿੱਲਾਂ ਹਨ, ਜਿਸ ਵਿਚੋਂ ਲਗਭਗ ਸਾਰੀਆਂ ਮਿੱਲਾਂ ਅਲਾਟ ਕੀਤੀਆਂ ਜਾ ਚੁੱਕੀਆਂ ਹਨ। ਪੰਜਾਬ ਰਾਜ ਵਿੱਚ ਸਾਉਣੀ ਸੀਜ਼ਨ ਦੌਰਾਨ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ 2389 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ। ਸਰਕਾਰ ਵਲੋਂ ਝੋਨੇ ਵਿੱਚ ਨਮੀ ਦੀ ਵੱਧ ਤੋਂ ਵੱਧ ਮਾਤਰਾ 17 ਫੀਸਦੀ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚੋਂ ਖਰੀਦ ਕੀਤੇ ਝੋਨੇ ਦੀ ਚੁਕਾਈ 72 ਘੰਟਿਆਂ ਦੇ ਅੰਦਰ ਅੰਦਰ ਕੀਤੀ ਜਾਵੇਗੀ। ਇਸ ਮੌਕੇ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਸ਼ਨ ਕੁਮਾਰ ਦੁੱਗਾਂ, ਜ਼ਿਲ੍ਹਾ ਮੰਡੀ ਅਫ਼ਸਰ ਜਸਪਾਲ ਸਿੰਘ ਘੁਮਾਣ ਤੇ ਸਕੱਤਰ ਨਰਿੰਦਰ ਸਿੰਘ ਆਦਿ ਹਾਜ਼ਰ ਸਨ।