ਸ਼ੂਟਿੰਗ ਮੁਕਾਬਲਿਆਂ ’ਚ ਗੋਲਡਨ ਏਰਾ ਸਕੂਲ ਦੇ ਸ਼ੂਟਰਾਂ ਦੀ ਝੰਡੀ
ਇਥੇ ਡਿਸਟ੍ਰਿਕਟ ਰਾਈਫਲ ਐਸੋਸੀਏਸ਼ਨ ਮਾਲੇਰਕੋਟਲਾ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਸ਼ੂਟਿੰਗ ਮੁਕਾਬਲਿਆਂ ਵਿੱਚ ਮੇਜ਼ਬਾਨ ਗੋਲਡਨ ਏਰਾ ਮਿਲੇਨੀਅਮ ਪਬਲਿਕ ਸਕੂਲ ਸੁਲਤਾਨਪੁਰ ਬਧਰਾਵਾਂ ਦੇ ਸ਼ੂਟਰ ਛਾਏ ਰਹੇ। ਵੱਖ-ਵੱਖ ਵਰਗ ਮੁਕਾਬਲਿਆਂ ਵਿੱਚ ਗੋਲਡਨ ਏਰਾ ਸਕੂਲ ਦੇ ਸ਼ੂਟਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਟੇਟ ਪੱਧਰੀ ਮੁਕਾਬਲਿਆਂ ਲਈ ਆਪਣੀ ਥਾਂ ਪੱਕੀ ਕਰ ਲਈ। ਸਬ ਯੂਥ ਮੁਕਾਬਲੇ ਵਿੱਚ ਇਸ ਸਕੂਲ ਦੇ ਸ਼ੂਟਰ ਪ੍ਰਭਦੀਪ ਸਿੰਘ ਨੇ ਪਹਿਲਾ ਅਤੇ ਸਾਹਿਲਪ੍ਰੀਤ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ। ਕੁੜੀਆਂ ਦੇ ਮੁਕਾਬਲੇ ਵਿੱਚ ਗੋਲਡਨ ਏਰਾ ਸਕੂਲ ਦੀ ਲਵਲੀਨ ਕੌਰ ਖੱਟੜਾ ਨੇ ਪਹਿਲਾ ਅਤੇ ਮੁਸਕਾਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ 20 ਸ਼ੂਟਰਾਂ ਨੇ ਕੁਆਲੀਫਾਈ ਸਕੋਰ ਪ੍ਰਾਪਤ ਕਰਕੇ ਸਟੇਟ ਮੁਕਾਬਲੇ ਲਈ ਨਾਂ ਦਰਜ ਕਰਵਾਇਆ। ਜ਼ਿਲ੍ਹਾ ਮਾਲੇਰਕੋਟਲਾ ਦੇ ਸ਼ੂਟਰਾਂ ਦੀ ਸ਼ਾਨਦਾਰ ਕਾਰਗੁਜ਼ਾਰੀ ’ਤੇ ਡਿਸਟ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਰੀਤ ਸਿੰਘ ਸਿੱਧੂ ਨੇ ਸ਼ੂਟਰਾਂ ਅਤੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਪ੍ਰੀਤਇੰਦਰ ਸਿੰਘ ਸਿੱਧੂ, ਡਾਇਰੈਕਟਰ ਭਗਵਾਨ ਸਿੰਘ ਗਿੱਲ ਅਤੇ ਸਕੂਲ ਪ੍ਰਿੰਸੀਪਲ ਜਾਨਦੀਪ ਸੰਧੂ ਨੇ ਜੇਤੂ ਸ਼ੂਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਵੱਲੋਂ ਵਿਦਿਆਰਥੀਆਂ ਅੰਦਰ ਛੁੱਪੀ ਪ੍ਰਤਿੱਭਾ ਨੂੰ ਉਤਸ਼ਾਹਿਤ ਕਰਨ ਅਤੇ ਪ੍ਰਦਰਸ਼ਨ ਲਈ ਹਰ ਸੰਭਵ ਮੰਚ ਮੁਹੱਈਆ ਕਰਵਾਉਣ ਲਈ ਸਹੂਲਤਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।