ਘਰ ’ਚੋਂ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 10 ਜੁਲਾਈ
ਸਥਾਨਕ ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਲੰਘੀ ਰਾਤ ਸ਼ਹਿਰ ਦੇ ਸੋਹੀਆਂ ਰੋਡ ਸਥਿਤ ਇੰਦਰਾ ਕਲੋਨੀ ਵਿੱਚ ਚੋਰੀ ਹੋ ਗਈ। ਇੱਕ ਮਕਾਨ ਵਿੱਚੋਂ ਚੋਰ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਲੈ ਗਏ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਆਧਾਰ ’ਤੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਕਾਨ ਮਾਲਕ ਵਨੀਤ ਪਰੋਹਿਤ ਨੇ ਦੱਸਿਆ ਕਿ ਲੰਘੀ ਰਾਤ ਉਹ ਪਰਿਵਾਰ ਸਣੇ ਘਰ ਵਿੱਚ ਹੀ ਮੌਜੂਦ ਸੀ ਅਤੇ ਕਮਰੇ ਵਿੱਚ ਸੁੱਤੇ ਹੋਏ ਸਨ। ਰਾਤ ਕਰੀਬ ਇੱਕ ਵਜੇ ਚੋਰ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਏ ਪਰ ਉਨ੍ਹਾਂ ਨੂੰ ਭਿਣਕ ਤੱਕ ਨਹੀਂ ਲੱਗੀ। ਜਦੋਂ ਸਵੇਰੇ ਕਰੀਬ ਤਿੰਨ ਵਜੇ ਉਸ ਦੀ ਭਰਜਾਈ ਬੱਚੇ ਲਈ ਦੁੱਧ ਗਰਮ ਕਰਨ ਵਾਸਤੇ ਉੱਠੀ ਤਾਂ ਵੇਖਿਆ ਕਿ ਘਰ ਦੇ ਦਰਵਾਜ਼ੇ ਖੁੱਲ੍ਹੇ ਪਏ ਸਨ ਅਤੇ ਘਰ ਦੇ ਇੱਕ ਕਮਰੇ ਵਿੱਚ ਸਾਮਾਨ ਖਿੱਲਰਿਆ ਪਿਆ ਸੀ ਅਤੇ ਅਲਮਾਰੀ ਖੁੱਲ੍ਹੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਚੈੱਕ ਕੀਤਾ ਗਿਆ ਤਾਂ ਚੋਰ ਘਰ ਵਿੱਚੋਂ ਸੋਨੇ ਦੀਆਂ ਦੋ ਛਾਪਾਂ, ਇੱਕ ਜੋੜਾ ਸੋਨੇ ਦੀਆਂ ਵਾਲੀਆਂ, ਡੇਢ ਕਿਲੋ ਚਾਂਦੀ ਅਤੇ 15 ਹਜ਼ਾਰ ਰੁਪਏ ਨਕਦੀ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਜਦੋਂ ਸਵੇਰੇ ਗੁਆਂਢੀਆਂ ਦੇ ਘਰ ਲੱਗੇ ਸੀਸੀਟੀਵੀ ਕੈਮਰੇ ਚੈਕ ਕੀਤੇ ਗਏ ਤਾਂ ਚੋਰਾਂ ਦੀ ਫੁਟੇਜੇ ਕੈਦ ਹੋ ਗਈ। ਪੁਲੀਸ ਨੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।