ਘੱਗਰ ਦਾ ਕਹਿਰ: ਖਨੌਰੀ ਖੇਤਰ ਦੀਆਂ ਬੰਬੀਆਂ ਦਾ ਗੰਧਲਾ ਹੋਇਆ ਨੀਰ
ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਸੰਗਰੂਰ/ਖਨੌਰੀ, 1 ਅਗਸਤ
ਘੱਗਰ ’ਚ ਆਏ ਹੜ੍ਹਾਂ ਨਾਲ ਖਨੌਰੀ ਅਤੇ ਮੂਨਕ ਇਲਾਕੇ ’ਚ ਫ਼ਸਲਾਂ ਦੇ ਹੋਏ ਨੁਕਸਾਨ ਕਾਰਨ ਕਿਸਾਨਾਂ ਨੂੰ ਵੱਡੀ ਆਰਥਿਕ ਢਾਹ ਲੱਗੀ ਹੈ ਪਰ ਹੁਣ ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਕਿਸਾਨਾਂ ਨੂੰ ਇੱਕ ਹੋਰ ਮੁਸੀਬਤ ਨੇ ਘੇਰ ਲਿਆ ਹੈ। ਭਾਰੀ ਫ਼ਸਲੀ ਤਬਾਹੀ ਹੋਣ ਮਗਰੋਂ ਹੁਣ ਕਿਸਾਨਾਂ ਨੂੰ ਖਰਾਬ ਹੋ ਰਹੇ ਟਿਊਬਵੈੱਲ ਬੋਰਾਂਂ ਕਾਰਨ ਇੱਕ ਹੋਰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜ੍ਹਾਂ ਦੇ ਪਾਣੀ ਨਾਲ ਬੋਰਾਂਂ ਦੇ ਅੰਦਰ ਗਈ ਮਿੱਟੀ ਕਾਰਨ ਖਿੱਤੇ ਦੇ 10 ਪ੍ਰਤੀਸ਼ਤ ਤੋਂ ਜ਼ਿਆਦਾ ਕਿਸਾਨਾਂ ਦੇ ਬੋਰ ਖ਼ਰਾਬ ਹੋ ਚੁੱਕੇ ਹਨ।
ਜ਼ਿਆਦਾਤਰ ਕਿਸਾਨਾਂ ਦੇ ਟਿਊਬਵੈੱਲ ਹੁਣ ਸਾਫ਼ ਪਾਣੀ ਦੀ ਜਗ੍ਹਾ ਮਿੱਟੀ ਦੀ ਗਾਰ ਹੀ ਬਾਹਰ ਕੱਢ ਰਹੇ ਹਨ। ਅਜਿਹੀ ਸਥਿਤੀ ਵਿਚ ਕਿਸਾਨਾਂ ਅੱਗੇ ਨਵੇਂ ਬੋਰ ਲਾਉਣ ਦਾ ਵੱਡਾ ਖਰਚ ਖੜ੍ਹਾ ਹੋ ਗਿਆ ਹੈ। ਬੋਰਾਂ ਅੰਦਰ ਗਈ ਮਿੱਟੀ ਕਾਰਨ ਜ਼ਿਆਦਾਤਰ ਕਿਸਾਨਾਂ ਦੀਆਂ ਮੋਟਰਾਂ, ਡਰਾਈਵਰੀ (ਪਾਈਪਾਂ) ਅਤੇ ਤਾਰ ਵੀ ਪੁਰਾਣੇ ਬੋਰਾਂਂ ਦੇ ਅੰਦਰ ਹੀ ਫਸ ਗਏ ਹਨ, ਜਿਨ੍ਹਾਂ ਨੂੰ ਬਾਹਰ ਕੱਢਣ ਵਿੱਚ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕੰਮ ਵਿਚ ਵੀ ਕਿਸਾਨਾਂ ਦੀ ਭਾਰੀ ਲੁੱਟ-ਘਸੁੱਟ ਹੋ ਰਹੀ ਹੈ। ਫਸਲਾਂ ਪਾਲਣ ਵਾਸਤੇ ਹੁਣ ਕਿਸਾਨਾਂ ਨੂੰ ਮਹਿੰਗੇ ਭਾਅ ਨਵੇਂ ਬੋਰ ਕਰਾਉਣੇ ਪੈ ਰਹੇ ਹਨ। ਫ਼ਸਲਾਂ ਦੇ ਹੋਏ ਨੁਕਸਾਨ ਨਾਲ ਪਹਿਲਾਂ ਹੀ ਝੰਬੇ ਕਿਸਾਨ ਹੁਣ ਬੋਰਾਂਂ ਦੇ ਨੁਕਸਾਨ ਕਾਰਨ ਡੂੰਘੀ ਚਿੰਤਾ ਵਿੱਚ ਹਨ। ਕਿਸਾਨ ਹਰਜੀਤ ਸਿੰਘ, ਨਿਹਾਲ ਸਿੰਘ, ਗੁਰਮੁਖ ਸਿੰਘ ਅਤੇ ਸੁਖਵਿੰਦਰ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਕੁਦਰਤੀ ਆਫ਼ਤ (ਹੜ੍ਹਾਂ) ਦੇ ਮੁਆਵਜ਼ੇ ਵਿੱਚ ਫਸਲਾਂ ਦੇ ਹੋਏ ਨੁਕਸਾਨ ਦੇ ਨਾਲ-ਨਾਲ ਲੇਬਰ, ਕੱਦੂ, ਕੋਠਾ, ਦੁਬਾਰਾ ਹੋਣ ਵਾਲੀ ਬਿਜਾਈ ਅਤੇ ਇਥੋਂ ਤੱਕ ਕਿ ਮੁਰਗੀ ਅਤੇ ਬੱਕਰੀ ਦਾ ਮੁਆਵਜ਼ਾ ਵੀ ਦੇਣ ਦੀ ਗੱਲ ਕੀਤੀ ਹੈ ਪਰ ਕਿਸਾਨਾਂ ਦੇ ਬੋਰਾਂਂ ਦੇ ਹੋਏ ਨੁਕਸਾਨ ਬਾਰੇ ਕੋਈ ਗੱਲ ਨਹੀਂ ਕੀਤੀ। ਕਿਸਾਨਾਂ ਨੇ ਮੰਗ ਕੀਤੀ ਕਿ ਹੋਰ ਨੁਕਸਾਨ ਦੇ ਮੁਆਵਜ਼ੇ ਦੀ ਤਰ੍ਹਾਂ ਹੜ੍ਹਾਂ ਦੀ ਮਾਰ ਕਾਰਨ ਬੋਰਾਂਂ ਦੇ ਹੋਏ ਨੁਕਸਾਨ ਦਾ ਵੀ ਮੁਆਵਜ਼ਾ ਮਿਲਣਾ ਚਾਹੀਦਾ ਹੈ ਕਿਉਂਕਿ ਨਵਾਂ ਬੋਰ ਲਾਉਣ ਤੋਂ ਕਿਸਾਨ ਅਸਮਰੱਥ ਹੋਏ ਪਏ ਹਨ। ਪਾਣੀ ਜ਼ਿਆਦਾ ਆਉਣ ਕਾਰਨ ਬੋਰ ਬਹਿ ਗਏ ਹਨ, ਜਿਨ੍ਹਾਂ ਵਿਚ ਰੇਤਾ ਜ਼ਿਆਦਾ ਆਉਣ ਕਾਰਨ ਬਹੁਤ ਸਾਰੇ ਬੋਰਾਂਂ ਵਿੱਚ ਮੋਟਰਾਂ ਤੇ ਹੋਰ ਸਾਮਾਨ ਵੀ ਫਸ ਗਿਆ ਹੈ ਜੋ ਕਿ ਨਿਕਲਣਾ ਸੰਭਵ ਨਹੀਂ ਹੈ।
ਅਜਿਹੇ ਸੰਕਟ ਭਰੇ ਹਾਲਾਤ ਨਾਲ ਜੂਝ ਰਹੇ ਕਿਸਾਨ ਨਵੇਂ ਬੋਰ ਲਗਾਉਣ ਲਈ ਮਜਬੂਰ ਹੋ ਰਹੇ ਹਨ। ਮੂਨਕ ਦੇ ਇੱਕ ਕਿਸਾਨ ਗੁਰਚਰਨ ਸਿੰਘ ਨੇ ਕਿਹਾ, ‘‘ਮੈਂ ਆਪਣੇ ਟਿਊਬਵੈੱਲ ਦਾ ਇੱਕ ਮਕੈਨਿਕ ਤੋਂ ਮੁਆਇਨਾ ਕਰਵਾਇਆ ਹੈ। ਉਸ ਨੇ ਕਿਹਾ ਹੈ ਕਿ ਮੈਨੂੰ ਨਵਾਂ ਬੋਰ ਕਰਵਾਉਣਾ ਪਵੇਗਾ, ਜਿਸ ’ਤੇ ਲਗਪਗ 4 ਲੱਖ ਰੁਪਏ ਖਰਚਾ ਆਵੇਗਾ। ਮੇਰੇ ਗੁਆਂਢੀ ਕਿਸਾਨ ਦਾ ਟਿਊਬਵੈੱਲ ਗੰਦਾ ਪਾਣੀ ਕੱਢ ਰਿਹਾ ਹੈ, ਜਿਹੜਾ ਖੇਤੀ ਲਈ ਠੀਕ ਨਹੀਂ ਹੈ।’’
ਕਿਸਾਨਾਂ ਨੇ ਸਰਕਾਰ ਤੋਂ ਮੰਗੀ ਕੀਤੀ ਖਰਾਬੇ ਸਬੰਧੀ ਹੋਣ ਵਾਲੀ ਗਿਰਦਾਵਰੀ ਵਿੱਚ ਖਰਾਬ ਹੋਏ ਬੋਰਾਂ ਦਾ ਨੁਕਸਾਨ ਵੀ ਦਰਜ ਕੀਤਾ ਜਾਵੇ।