ਵੈਦ ਦੇ ਨਾਂ ’ਤੇ ਠੱਗੀ ਮਾਰਨ ਵਾਲਾ ਗਰੋਹ ਬੇਨਕਾਬ
ਰਮੇਸ਼ ਭਾਰਦਵਾਜ
ਲਹਿਰਾਗਾਗਾ, 6 ਜੁਲਾਈ
ਪਿੰਡ ਡਸਕਾ ਵਿੱਚ ‘ਸ੍ਰੀ ਗੁਰੂ ਰਾਮਦਾਸ ਦੇਸੀ ਦਵਾਖਾਨਾ ਡਸਕਾ’ ਚਲਾ ਰਹੇ ਉੱਘੇ ਵੈਦ ਬਾਬਾ ਪਰਮਜੀਤ ਸਿੰਘ ਭੱਟੀ ਦੇ ਨਾਂ ’ਤੇ ਸੋਸ਼ਲ ਮੀਡੀਆ ਉੱਤੇ ਜਾਅਲੀ ਅਕਾਊਂਟ ਬਣਾ ਕੇ ਲੋਕਾਂ ਤੋਂ ਲੱਖਾਂ ਰੁਪਏ ਠੱਗਣ ਵਾਲੇ ਇੱਕ ਗਰੋਹ ਦਾ ਸੀਨੀਅਰ ਪੁਲੀਸ ਕਪਤਾਨ ਸਰਤਾਜ ਸਿੰਘ ਚਹਿਲ ਦੀ ਹਦਾਇਤ ’ਤੇ ਥਾਣਾ ਸਾਈਬਰ ਸੈੱਲ ਸੰਗਰੂਰ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਜਦੋਂ ਇਸ ਸਬੰਧੀ ਉਕਤ ਵੈਦ ਭੱਟੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਪਿੰਡ ਡਸਕਾ ਵਿੱਚ ਦੇਸੀ ਦਵਾਖਾਨਾ ਚਲਾ ਰਹੇ ਹਨ, ਜਿੱਥੇ ਹਰ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ, ਜਿਸ ਦਾ ਪ੍ਰਚਾਰ ਉਹ ਸੋਸ਼ਲ ਮੀਡੀਆ ’ਤੇ ਵੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਨੂੰ ਮਰੀਜ਼ਾਂ ਦੇ ਫੋਨ ਆ ਰਹੇ ਸਨ ਕਿ ਉਨ੍ਹਾਂ ਦੀ ਦਵਾਈ ਨੇ ਕੰਮ ਨਹੀਂ ਕੀਤਾ ਪਰ ਜਦੋਂ ਉਨ੍ਹਾਂ ਮਰੀਜ਼ਾਂ ਦਾ ਰਿਕਾਰਡ ਵਾਚਿਆ ਤਾਂ ਪਤਾ ਲੱਗਾ ਕਿ ਉਕਤ ਮਰੀਜ਼ ਤਾਂ ਉਨ੍ਹਾਂ ਤੋਂ ਕੋਈ ਦਵਾਈ ਲੈ ਕੇ ਹੀ ਨਹੀਂ ਗਏ।
ਉਨ੍ਹਾਂ ਸ਼ੱਕ ਦੇ ਆਧਾਰ ’ਤੇ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਨੂੰ ਅਰਜ਼ੀ ਦਿੱਤੀ, ਜਿਨ੍ਹਾਂ ਵੱਲੋਂ ਸਾਈਬਰ ਸੈੱਲ ਸੰਗਰੂਰ ਪਾਸੋਂ ਕਰਵਾਈ ਤਫ਼ਤੀਸ਼ ਦੌਰਾਨ ਇਹ ਗੱਲ ਪਤਾ ਲੱਗੀ ਕਿ ਉਨ੍ਹਾਂ ਦੇ ਨਾਮ ’ਤੇ ਕੁਝ ਸ਼ਰਾਰਤੀ ਅਨਸਰਾਂ ਨੇ ਸੋਸ਼ਲ ਮੀਡੀਆ ’ਤੇ ਅਕਾਊਂਟ ਬਣਾ ਕੇ ਜਿੱਥੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉੱਥੇ ਨਾਲ ਹੀ ਭੋਲੇ-ਭਾਲੇ ਮਰੀਜ਼ਾਂ ਨੂੰ ਆਪਣੇ ਚੁੰਗਲ ’ਚ ਫਸਾ ਕੇ ਉਨ੍ਹਾਂ ਪਾਸੋਂ ਲੱਖਾਂ ਰੁਪਏ ਵੀ ਠੱਗ ਲਏ ਗਏ ਹਨ।
ਥਾਣਾ ਸਾਈਬਰ ਸੈੱਲ ਵੱਲੋਂ ਦੋ ਮੁਲਜ਼ਮ ਗ੍ਰਿਫ਼ਤਾਰ
ਥਾਣਾ ਸਾਈਬਰ ਸੈੱਲ ਸੰਗਰੂਰ ਦੇ ਸਬ ਇੰਸਪੈਕਟਰ ਮੇਵਾ ਸਿੰਘ ਵੱਲੋਂ ਤਫ਼ਤੀਸ਼ ਦੌਰਾਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਅਤੇ ਇਸ ਸਬੰਧ ’ਚ ਸਤਨਾਮ ਸਿੰਘ ਵਾਸੀ ਦਸਮੇਸ਼ ਨਗਰ ਗੁਰੂ ਨਾਨਕਪੁਰਾ ਰੋਡ ਅੰਮ੍ਰਿਤਸਰ ਅਤੇ ਮਨਮੀਤ ਕੌਰ ਵਾਸੀ ਮਜੀਠਾ ਰੋਡ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰ ਕੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਸਬੰਧ ’ਚ ਠੱਗ ਗਰੋਹ ਦੇ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ।