ਡਰੇਨਾਂ ਦੀ ਸਫ਼ਾਈ ਦੇ ਨਾਂ ’ਤੇ ਜਾਰੀ ਫੰਡਾਂ ਦੀ ਜਾਂਚ ਹੋਵੇ: ਢੀਂਡਸਾ
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਡਰੇਨਾਂ ਦੀ ਸਫ਼ਾਈ ਦੇ ਨਾਂ ’ਤੇ ਜਾਰੀ ਹੋਏ ਫੰਡਾਂ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਢੀਂਡਸਾ ਨੇ ਕਿਹਾ ਕਿ ਵਿਭਾਗ ਦੇ ਇੱਕ ਅਧਿਕਾਰੀ ਨੂੰ ਮੁਅੱਤਲ ਕਰਨ ਦੀ ਗੱਲ ਨਹੀਂ ਸਗੋਂ ਇਲਾਕੇ ਦੇ ਲੋਕ ਸਫ਼ਾਈ ਨਾ ਹੋਣ ਦੀ ਜਾਂਚ ਮੰਗ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਡਰੇਨੇਜ ਵਿਭਾਗ ਦੀਆਂ ਕਮੀਆਂ ਤੇ ਅਣਗਹਿਲੀਆਂ ਕਾਰਨ ਹੜ੍ਹਾਂ ਵਰਗੀ ਸਥਿਤੀ ਪੈਦਾ ਹੋਈ ਅਤੇ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਗਈਆਂ। ਢੀਂਡਸਾ ਨੇ ਕਿਹਾ ਕਿ ਡਰੇਨੇਜ ਵਿਭਾਗ ਦਾ ਮੰਤਰੀ ਇਸ ਜ਼ਿਲ੍ਹੇ ਨਾਲ ਸਬੰਧਤ ਹੋਣ ਦੇ ਬਾਵਜੂਦ ਵੀ ਡਰੇਨਾਂ ਦੀ ਸਫ਼ਾਈ ਨਾ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ।
ਸ੍ਰੀ ਢੀਂਡਸਾ ਨੇ ਕਿਹਾ ਕਿ ਡਰੇਨਾਂ ਦੀ ਸਫ਼ਾਈ ਹਕੀਕਤ ਵਿਚ ਨਾ ਹੋਣ ਦੇ ਤੱਥ ਉਜਾਗਰ ਹੋਏ ਹਨ ਜਿਸਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ ਅਤੇ ਜਾਂਚ ਹੋਣੀ ਜ਼ਰੂਰੀ ਹੈ। ਉਨਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਲਹਿਰਾ ਅਤੇ ਦਿੜ੍ਹਬਾ ਇਲਾਕੇ ਦੇ ਡਰੇਨਾਂ ਨਾਲ ਲੱਗਦੇ ਪਿੰਡਾਂ ਵਿਚ ਫਸਲਾਂ ਦਾ ਨੁਕਸਾਨ ਹੋਇਆ ਹੈ ਕਿਉਂਕਿ ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਡਰੇਨਾਂ ’ਚ ਪਾਣੀ ਓਵਰਫਲੋਅ ਹੋਇਆ ਜਿਸ ਲਈ ਡਰੇਨੇਜ ਵਿਭਾਗ ਜ਼ਿੰਮੇਵਾਰ ਹੈ।