ਪ੍ਰਕਾਸ਼ ਪੁਰਬ ਮੌਕੇ ਬਿਰਧ ਆਸ਼ਰਮ ਵਿੱਚ ਫਲ ਵੰਡੇ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰੂ ਹਰਿਕ੍ਰਿਸ਼ਨ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਸ਼ਿਵ ਸ਼ੰਕਰ ਬਿਰਧ ਆਸ਼ਰਮ ਵਿੱਚ ਆਸ਼ਰਿਤ ਬਜ਼ੁਰਗਾਂ ਨੂੰ ਫਲ ਵੰਡ ਕੇ ਸ਼ੁਕਰਾਨਾ ਦਿਵਸ ਮਨਾਇਆ ਗਿਆ। ਬਿਰਧ ਆਸ਼ਰਮ ਦੇ ਪ੍ਰਧਾਨ ਮੋਹਨ ਸ਼ਰਮਾ, ਟਰੱਸਟੀ ਏਪੀ ਸਿੰਘ ਅਤੇ ਕ੍ਰਿਸ਼ਨ ਅਰੋੜਾ ਨੇ ਸਮੁੱਚੀ ਟੀਮ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਦਿਨ ਬਜ਼ੁਰਗਾਂ ਨਾਲ ਗੁਜ਼ਾਰਨਾ ਉਸਾਰੂ ਅਤੇ ਨੇਕ ਕਾਰਜ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ’ਤੇ ਸਹੀ ਅਮਲ ਕਰਨਾ ਹੈ। ਸਟੱਡੀ ਸਰਕਲ ਦੇ ਡਿਪਟੀ ਚੀਫ ਆਰਗੇਨਾਈਜ਼ਰ ਸੁਰਿੰਦਰਪਾਲ ਸਿੰਘ ਸਿਦਕੀ ਨੇ ਗੁਰੂ ਹਰਿਕ੍ਰਿਸ਼ਨ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਵੱਲੋਂ ਦਰਸਾਏ ਸੱਚ ਦੇ ਮਾਰਗ ’ਤੇ ਚੱਲਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਹੋਰ ਅਹੁਦੇਦਾਰਾਂ ਵਿੱਚ ਅਜਮੇਰ ਸਿੰਘ ਜ਼ੋਨਲ ਸਕੱਤਰ, ਕੁਲਵੰਤ ਸਿੰਘ ਨਾਗਰੀ ਜ਼ੋਨਲ ਪ੍ਰਧਾਨ, ਗੁਰਮੇਲ ਸਿੰਘ ਵਿਤ ਸਕੱਤਰ, ਗੁਲਜਾਰ ਸਿੰਘ ਜਥੇਬੰਦਕ ਸਕੱਤਰ, ਬਲਵੰਤ ਸਿੰਘ ਭੀਖੀ ਅਤੇ ਬਲਵਿੰਦਰ ਸਿੰਘ ਆਦਿ ਸ਼ਖ਼ਸੀਅਤਾਂ ਸ਼ਾਮਲ ਸਨ। ਸੰਸਥਾ ਵੱਲੋਂ ਮੋਹਨ ਸਰਮਾ ਅਤੇ ਏਪੀ ਸਿੰਘ ਦਾ ਸਨਮਾਨ ਵੀ ਕੀਤਾ ਗਿਆ।