ਸੰਗਰੂਰ ਜੇਲ੍ਹ ਵਿੱਚੋਂ ਚਾਰ ਵੋਕੇਸ਼ਨਲ ਅਧਿਆਪਕ ਰਿਹਾਅ
ਦੋ ਮਹਿਲਾ ਵੋਕੇਸ਼ਨਲ ਅਧਿਆਪਕਾਂ ਸਣੇ ਚਾਰ ਅਧਿਆਪਕ ਕੱਲ੍ਹ ਸ਼ਾਮ ਸੰਗਰੂਰ ਜ਼ਿਲ੍ਹਾ ਜੇਲ੍ਹ ’ਚੋਂ ਰਿਹਾਅ ਹੋ ਗਏ। ਸਾਥੀ ਵੋਕੇਸ਼ਨਲ ਅਧਿਆਪਕਾਂ ਦੀ ਰਿਹਾਈ ਮੌਕੇ ਵੱਡੀ ਤਾਦਾਦ ’ਚ ਪੁੱਜੇ ਵੋਕੇਸ਼ਨਲ ਅਧਿਆਪਕਾਂ ਵਲੋਂ ਜਿਥੇ ਜੇਲ੍ਹ ’ਚੋਂ ਬਾਹਰ ਆਏ ਚਾਰੋਂ ਸਾਥੀਆਂ ਦਾ ਫੁੱਲ੍ਹਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ ਉਥੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪੁਲੀਸ ਵੱਲੋਂ ਇਨ੍ਹਾਂ ਵੋਕੇਸ਼ਨਲ ਅਧਿਆਪਕਾਂ ’ਚੋਂ ਇੱਕ ਮਹਿਲਾ ਸਮੇਤ ਤਿੰਨ ਅਧਿਆਪਕਾਂ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜ੍ਹਬਾ ਵਿੱਚ ਪ੍ਰਦਰਸ਼ਨ ਦੌਰਾਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਿਨ੍ਹਾਂ ਨੂੰ ਰਾਤ ਭਰ ਪੁਲੀਸ ਚੌਕੀ ਕੌਹਰੀਆਂ ਵਿਚ ਰੱਖਿਆ ਗਿਆ। ਅਗਲੇ ਦਿਨ ਇੱਕ ਮਹਿਲਾ ਅਧਿਆਪਕ ਨੂੰ ਡਿਊਟੀ ਦੌਰਾਨ ਸਕੂਲ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਚਾਰ ਵੋਕੇਸ਼ਨਲ ਅਧਿਆਪਕਾਂ ਭੁਪਿੰਦਰ ਸਿੰਘ, ਰਣਜੀਤ ਸਿੰਘ, ਪਰਮਜੀਤ ਕੌਰ ਅਤੇ ਅਵਤਾਰ ਕੌਰ ਨੂੰ ਸੁਨਾਮ ਅਦਾਲਤ ਵਿਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਮੌਕੇ ਐੱਨਐੱਸਕਿਊਐੱਫ਼ ਵੋਕੇਸ਼ਨਲ ਟੀਚਰਜ਼ ਫਰੰਟ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਕਿ ਸਰਕਾਰ ਬਣਦਿਆਂ ਹੀ ਸਾਰੇ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ ਪਰ ਇਹ ਵਾਅਦੇ ਤਾਂ ਪੂਰੇ ਕੀ ਹੋਣੇ ਸੀ ਹੁਣ ਅਧਿਆਪਕਾਂ ਨੂੰ ਪੁਲੀਸ ਥਾਣਿਆਂ ਅਤੇ ਜੇਲ੍ਹਾਂ ਵਿਚ ਭੇਜ ਕੇ ਇਸ ਤਰ੍ਹਾਂ ਜ਼ਲੀਲ ਕੀਤਾ ਜਾ ਰਿਹਾ ਹੈ ਜਿਵੇਂ ਕਿ ਉਹ ਕੋਈ ਅਪਰਾਧੀ ਹੋਣ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਅਧਿਆਪਕਾਂ ਨੂੰ ਪੁਲੀਸ ਥਾਣਿਆਂ ਦੀ ਹਿਰਾਸਤ ਅਤੇ ਜੇਲ੍ਹ ਵੀ ਵਿਖਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਦਿੜ੍ਹਬਾ ਪੁਲੀਸ ਵਲੋਂ 16 ਮਾਰਚ 2005 ਨੂੰ ਕੌਮੀ ਹਾਈਵੇਅ ਰੋਕਣ ਦੇ ਦੋਸ਼ ਹੇਠ ਦਰਜ ਕੀਤੇ ਕੇਸ ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਕੇਸ ਵਿਚੋਂ ਉਹ ਜ਼ਮਾਨਤ ’ਤੇ ਜੇਲ੍ਹ ’ਚੋ ਰਿਹਾਅ ਹੋਏ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਪਰਮਜੀਤ ਕੌਰ ਨੂੰ ਔਰਤ ਹੋਣ ਦੇ ਨਾਤੇ ਪੁਲੀਸ ਥਾਣੇ ਵਿਚ ਰੱਖਣਾ ਅਤੇ ਮਹਿਲਾ ਅਧਿਆਪਕ ਅਵਤਾਰ ਕੌਰ ਨੂੰ ਬੱਚਿਆਂ ਦੇ ਸਾਹਮਣੇ ਸਕੂਲ ’ਚੋ ਗ੍ਰਿਫ਼ਤਾਰ ਕਰਨਾ ਅਤਿ ਮੰਦਭਾਗਾ ਹੈ।
ਉਨ੍ਹਾਂ ਦੱਸਿਆ ਕਿ ਉਹ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਸਕੂਲਾਂ ਵਿਚ ਸੇਵਾਵਾਂ ਨਿਭਾ ਰਹੇ ਹਨ ਪਰ ਸਰਕਾਰ ਵਲੋਂ ਵਾਅਦੇ ਅਨੁਸਾਰ ਨਾ ਰੈਗੂਲਰ ਕੀਤਾ ਗਿਆ ਅਤੇ ਨਾ ਹੀ ਤਨਖਾਹਾਂ ਵਿਚ ਵਾਧਾ ਗਿਆ ਹੈ। ਇਨ੍ਹਾਂ ਮੰਗਾਂ ਲਈ ਸੰਘਰਸ਼ ਜਾਰੀ ਹੈ।