ਬਿਜਲੀ ਸਪਲਾਈ ’ਚ ਸੁਧਾਰ ਲਈ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ
ਨਵੇਂ ਫੀਡਰਾਂ, ਟਰਾਂਸਫਾਰਮਰਾਂ ਤੇ ਬਿਜਲੀ ਲਾਈਨਾਂ ਪਾਉਣ ਲਈ 72 ਕਰੋਡ਼ ਖਰਚੇ ਜਾਣਗੇ: ਰਹਿਮਾਨ
ਵਿਧਾਇਕ ਮੁਹੰਮਦ-ਜਮੀਲ-ਉਰ ਰਹਿਮਾਨ ਵੱਲੋਂ ਮਾਲੇਰਕੋਟਲਾ ਵਿੱਚ 72 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਸਪਲਾਈ ਵਿੱਚ ਸੁਧਾਰ ਲਈ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਹਿਮਾਨ ਨੇ ਕਿਹਾ ਕਿ ਇਹ ਪ੍ਰਾਜੈਕਟ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਵੱਲ ਅਹਿਮ ਕਦਮ ਹੈ। ਡਾ. ਰਹਿਮਾਨ ਨੇ ਕਿਹਾ ਕਿ ਇਹ ਸਾਰੇ ਪ੍ਰਾਜੈਕਟ ਵਿਭਾਗੀ ਪੱਧਰ ’ਤੇ ਨਿਯਮਤ ਨਿਗਰਾਨੀ ਹੇਠ ਅਤੇ ਨਿਰਧਾਰਤ ਸਮਾਂ ਸੀਮਾ ਵਿੱਚ ਪੂਰੇ ਕੀਤੇ ਜਾਣਗੇ। ਇਨ੍ਹਾਂ ਕਾਰਜਾਂ ਨਾਲ ਮਾਲੇਰਕੋਟਲਾ ਖੇਤਰ ਵਿੱਚ ਨਿਰਵਿਘਨ ਅਤੇ ਸਥਿਰ ਵੋਲਟੇਜ ਸਪਲਾਈ ਯਕੀਨੀ ਬਣੇਗੀ। ਵਧੀਕ ਨਿਗਰਾਨ ਇੰਜਨੀਅਰ ਹਰਵਿੰਦਰ ਸਿੰਘ ਧੀਮਾਨ ਨੇ ਦੱਸਿਆ ਕਿ ਮਾਲੇਰਕੋਟਲਾ ਵਿੱਚ 72 ਕਰੋੜ ਦੇ ਪ੍ਰਾਜੈਕਟ ਉਲੀਕੇ ਗਏ ਹਨ। ਉਨ੍ਹਾਂ ਦੱਸਿਆ ਕਿ 11 ਕੇ.ਵੀ. ਫੀਡਰਾਂ ਨੂੰ ਡੀਲੋਡ ਕਰਨ ਲਈ ਨਵੇਂ 11 ਕੇ.ਵੀ. ਫੀਡਰਾਂ ਦੀ ਉਸਾਰੀ ’ਤੇ 32 ਕਰੋੜ 50 ਲੱਖ, ਨਵੇਂ ਟਰਾਂਸਫਾਰਮਰਾਂ ਦੀ ਸਥਾਪਨਾ ਅਤੇ ਮੌਜੂਦਾ ਦੀ ਸਮਰੱਥਾ ਵਧਾਉਣ ਲਈ 5 ਕਰੋੜ, ਸਨਅਤੀ ਇਲਾਕੇ ਵਿੱਚ 66 ਕੇ.ਵੀ. ਗਰਿੱਡ ਸਬ-ਸਟੇਸ਼ਨ ਦੀ ਉਸਾਰੀ ’ਤੇ 10 ਕਰੋੜ ਰੁਪਏ ਤੋਂ ਵੱਧ, ਨਵੀਆਂ 66 ਕੇ ਵੀ ਲਾਈਨਾਂ ਦੀ ਉਸਾਰੀ ਅਤੇ ਮੌਜੂਦਾ ਲਾਈਨਾਂ ਦੀ ਸਮਰੱਥਾ ਵਾਧੇ ਲਈ 13 ਕਰੋੜ 30 ਲੱਖ ਅਤੇ ਪਾਵਰ ਟਰਾਂਸਫਾਰਮਰਾਂ ਦੀ ਸਮਰੱਥਾ ਵਧਾਉਣ ਲਈ 10 ਕਰੋੜ 60 ਲੱਖ ਰੁਪਏ ਖ਼ਰਚੇ ਜਾਣਗੇ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਾਫ਼ਰ ਅਲੀ, ਐੱਸ ਡੀ ਓ ਮੁਹੰਮਦ ਇਸ਼ਤਿਆਕ, ਐੱਸ ਡੀ ਓ ਮੋਹਿਤ ਟੁਟੇਜਾ, ਐੱਸ ਡੀ ਓ ਸੁਹਿੰਦਰ ਸਿੰਘ, ਬਲਾਕ ਪ੍ਰਧਾਨ ਅਬਦੁਲ ਹਲੀਮ, ਬਲਾਕ ਸੋਸ਼ਲ ਮੀਡੀਆ ਇੰਚਾਰਜ ਯਾਸਰ ਅਰਫਾਤ, ਯਾਸੀਨ ਨੇਸਤੀ ਤੇ ਬਲਾਕ ਪ੍ਰਧਾਨ ਅਸਲਮ ਭੱਟੀ ਆਦਿ ਹਾਜ਼ਰ ਸਨ।