ਮਾਲੇਰਕੋਟਲਾ ਦੇ ਪੰਜ ਦਰਜਨ ਪਿੰਡਾਂ ਨੂੰ ਮਿਲੇਗਾ ਨਹਿਰੀ ਪਾਣੀ
ਨਹਿਰੀ ਪਾਣੀ ਪ੍ਰਾਪਤੀ ਕਮੇਟੀ ਦੇ ਸੰਘਰਸ਼ ਨੂੰ ਬੂਰ ਪਿਆ; ਮੁੱਖ ਮੰਤਰੀ ਵੱਲੋਂ ਮਾਹੋਰਾਣਾ ਰਜਬਾਹੇ ਦੀ ਰੀਮਾਡਲਿੰਗ ਨੂੰ ਹਰੀ ਝੰਡੀ
ਨਹਿਰੀ ਪਾਣੀ ਤੋਂ ਵਾਂਝੇ ਮਾਲੇਰਕੋਟਲਾ ਰਿਆਸਤ ਦੇ ਕਰੀਬ ਪੰਜ ਦਰਜਨ ਪਿੰਡਾਂ ਦੇ ਖੇਤਾਂ ਲਈ ਨਹਿਰੀ ਪਾਣੀ ਪ੍ਰਾਪਤ ਕਰਨ ਲਈ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਪਿਛਲੇ ਤਿੰਨ ਵਰ੍ਹਿਆਂ ਤੋਂ ਸੰਘਰਸ਼ ਕਰ ਰਹੀ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਨੂੰ ਬੂਰ ਪੈਣ ਲੱਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਮੁਲਾਕਾਤ ਕਰਕੇ ਨਵੇਂ ਮਾਹੋਰਾਣਾ ਰਜਬਾਹੇ ਦੀ ਰੀਮਾਡਲਿੰਗ ਲਈ 38 ਪਿੰਡਾਂ ਦੀ ਐਕੁਆਇਰ ਕੀਤੀ ਜਾ ਰਹੀ ਕਰੀਬ 288 ਏਕੜ ਜ਼ਮੀਨ ਦੇ ਯੋਗ ਮੁਆਵਜ਼ੇ ਦੀ ਅਦਾਇਗੀ ਲਈ ਸਬੰਧਤ ਅਧਿਕਾਰੀਆਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਮੰਤਰੀ ਨਾਲ ਮੁਲਾਕਾਤ ਪਿਛੋਂ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਚੂੰਘਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ 54.41 ਕਿਲੋਮੀਟਰ ਲੰਬੇ ਰਜਬਾਹੇ ਲਈ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਦੇ ਢੁੱਕਵੇਂ ਮੁਆਵਜ਼ੇ ਦੇ ਐਵਾਰਡ ਭੇਜਣ ਲਈ ਧੂਰੀ, ਮਾਲੇਰਕੋਟਲਾ ਅਤੇ ਅਮਰਗੜ੍ਹ ਦੇ ਸਬ ਡਿਵੀਜ਼ਨਲ ਮੈਜਿਸਟ੍ਰੇਟਾਂ ਨੂੰ ਆਦੇਸ਼ ਦੇ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਮੁੱਖ ਮੰਤਰੀ ਅੱਗੇ ਐਕੁਆਇਰ ਕੀਤੀ ਜਾ ਰਹੀ ਤਕਸੀਮ ਨਾ ਹੋਈ ਸਾਂਝੇ ਮੁਸਤਰਕੇ ਦੀ ਜ਼ਮੀਨ ਦਾ ਕਬਜ਼ੇ ਮੁਤਾਬਿਕ ਅਤੇ ਸਬੰਧਤ ਕਿਸਾਨਾਂ ਦੀ ਸੰਤੁਸਟੀ ਕਰਕੇ ਮੁਆਵਜ਼ਾ ਅਦਾ ਕਰਨ ਦੀ ਰੱਖੀ ਮੰਗ ਸਵੀਕਾਰ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਕੋਟਲਾ ਨਹਿਰ ਬਰਾਂਚ ਵਿਚੋਂ ਪਿੰਡ ਲਾਡੇਵਾਲ ਤੋਂ ਨਾਰੀਕੇ ਤੱਕ ਚੱਲ ਰਹੇ ਮਾਹੋਰਾਣਾ ਰਜਵਾਹੇ ਨੂੰ ਰੀਮਾਡਲਿੰਗ ਕਰਕੇ ਪਿੰਡ ਸਾਦਤਪੁਰ ਤੱਕ ਮੁੜ ਉਸਾਰਿਆ ਜਾਣਾ ਹੈ ਜਿਥੋਂ ਅੱਗੇ ਹਲਕਾ ਮਹਿਲ ਕਲਾਂ ਦੇ ਪਿੰਡ ਗੁਰਬਖਸ਼ਪੁਰਾ ਤੱਕ ਅਤੇ ਪਿੰਡ ਅਲੀਪੁਰ ਖਾਲਸਾ ਤੱਕ ਦੋ ਬਰਾਂਚਾਂ 45 ਪਿੰਡਾਂ ਦੀ ਕਰੀਬ 55 ਹਜਾਰ ਏਕੜ ਜ਼ਮੀਨ ਨੂੰ ਪਹਿਲੀ ਵਾਰ ਨਹਿਰੀ ਪਾਣੀ ਮੁਹੱਈਆ ਕਰਵਾਉਣਗੀਆਂ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਰਜਵਾਹਿਆਂ ਰਾਹੀਂ ਇਸ ਖਿੱਤੇ ਦੇ ਖੇਤਾਂ ਨੂੰ ਜੂਨ 2025 ਤੱਕ ਨਹਿਰੀ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੇ ਸੰਘਰਸ਼ ਸਦਕਾ ਹੀ ਕੰਗਣਵਾਲ ਰਜਵਾਹੇ ਦੀ ਹਲਕਾ ਮਹਿਲ ਕਲਾਂ ਦੇ ਪਿੰਡ ਫਤਿਹਗੜ੍ਹ ਪੰਜਗਰਾਈਆਂ ਤੱਕ, ਰੋਹੀੜਾ ਰਜਵਾਹਾ ਦੀ ਪਿੰਡ ਭੂਦਨ ਤੱਕ ਅਤੇ ਮਲੇਰਕੋਟਲਾ ਮਾਈਨਰ ਦੀ ਪਿੰਡ ਤੱਖਰ ਖੁਰਦ ਤੱਕ ਉਸਾਰੀ ਕਰਵਾ ਕੇ ਦਰਜਨਾਂ ਪਿੰਡਾਂ ਦੇ ਹਜ਼ਾਰਾਂ ਏਕੜ ਰਕਬੇ ਦੀ ਪਹਿਲੀ ਵਾਰ ਨਹਿਰੀ ਪਾਣੀ ਨਾਲ ਸਿੰਚਾਈ ਸ਼ੁਰੂ ਕਰਵਾਈ ਗਈ ਹੈ।
ਜ਼ਮੀਨ ਐਕੁਆਇਰ ਹੋਣ ਵਾਲੇ ਪਿੰਡਾਂ ਦਾ ਵੇਰਵਾ
ਰੀਮਾਡਲਿੰਗ ਆਫ ਮਾਹੋਰਾਣਾ ਡਿਸਟ੍ਰੀਬਿਊਟਰੀ ਐਂਡ ਕੰਸਟਰਕਸ਼ਨ ਆਫ ਮਾਲੇਰਕੋਟਲਾ ਮਾਈਨਰ ਸਿਸਟਮ ਦੀ ਉਸਾਰੀ ਲਈ ਧੂਰੀ, ਮਲੇਰਕੋਟਲਾ ਅਤੇ ਅਮਰਗੜ੍ਹ ਤਹਿਸੀਲਾਂ ਦੇ 38 ਪਿੰਡਾਂ ਦੀ 288 ਏਕੜ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ। ਉਕਤ ਪਿੰਡਾਂ ਵਿੱਚ ਨਾਰੀਕੇ, ਗੁਆਰਾ, ਬਿੰਝੋਕੀ ਕਲਾਂ, ਬਿੰਝੋਕੀ ਖੁਰਦ, ਉਪਲ ਖੇੜੀ, ਮਾਣਕਮਾਜਰਾ, ਮੁਹੰਮਦ ਨਗਰ, ਭੈਣੀ ਕਲਾਂ, ਕਿਸ਼ਨਗੜ੍ਹ ਸੰਗਾਲੀ, ਸਕੋਹਪੁਰ ਸੰਗਰਾਮ (ਸੰਗਾਲਾ) ਆਦਮਪਾਲ, ਬੁਰਜ, ਮੁਬਾਰਕਪੁਰ ਚੂੰਘਾਂ, ਅਤਾਉਲਾਪੁਰ, ਫਰਵਾਹੀ, ਰੂੜਗੜ੍ਹ, ਈਸਾਪੁਰ ਲੰਡਾ, ਅਲੀਪੁਰ ਖਾਲਸਾ, ਦਲੇਲਗੜ੍ਹ, ਸੁਆਦਤਪੁਰ, ਹਥਨ, ਘਨੌਰ ਕਲਾਂ, ਚਾਂਗਲੀ, ਘਨੌਰੀ ਕਲਾਂ, ਕੁਰਮ, ਕਾਤਰੋਂ, ਰਾਮਗੜ੍ਹ ਗੁਲਾਬ ਸਿੰਘ ਵਾਲਾ, ਰਾਮਨਗਰ ਛੰਨਾਂ, ਬੜੀ, ਗੁਰਬਖਸਪੁਰਾ, ਬੂਲਾਪੁਰ, ਸੇਹਕੇ, ਚੰਡੀਗੜ੍ਹ, ਲਾਡੇਵਾਲ, ਦੌਲੋਵਾਲ, ਮੰਨਵੀ ਅਤੇ ਬਡਲਾ ਆਦਿ ਸ਼ਾਮਲ ਹਨ।

