ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪੰਜ ਰੋਜ਼ਾ ਸਿਖਲਾਈ ਕੋਰਸ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 6 ਜੁਲਾਈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੌਮੀ ਬਾਗ਼ਬਾਨੀ ਮਿਸ਼ਨ ਅਧੀਨ ਮਧੂਮੱਖੀ ਪਾਲਣ ਸਬੰਧੀ ਪੰਜ- ਰੋਜ਼ਾ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ ਜਿਸ ਵਿੱਚ ਸੰਗਰੂਰ, ਮਾਲੇਰਕੋਟਲਾ ਅਤੇ ਪਟਿਆਲਾ ਜ਼ਿਲ੍ਹੇ ਦੇ 40 ਕਿਸਾਨਾਂ ਤੇ ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਨੇ ਭਾਗ ਲਿਆ। ਇਸ ਸਿਖਲਾਈ ਕੋਰਸ ਦੇ ਪਹਿਲੇ ਦਿਨ ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ ਨੇ ਸਿਖਿਆਰਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਉਨ੍ਹਾਂ ਸਿਖਿਆਰਥੀਆਂ ਨਾਲ ਮਧੂਮੱਖੀ ਪਾਲਣ ਦੀ ਸਹਾਇਕ ਧੰਦੇ ਵਜੋਂ ਮਹੱਤਤਾ ਅਤੇ ਇਸ ਦੀ ਆਰਥਿਕਤਾ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਸਿਖਲਾਈ ਪ੍ਰੋਗਰਾਮਾਂ ਬਾਰੇ ਵੀ ਚਾਨਣਾ ਪਾਇਆ। ਡਾ. ਗੁਰਬੀਰ ਕੌਰ, ਸਹਾਇਕ ਪ੍ਰੋਫੈਸਰ (ਪਲਾਂਟ ਪ੍ਰੋਟੈਕਸ਼ਨ) ਨੇ ਇਸ ਸਿਖਲਾਈ ਕੋਰਸ ਦੇ ਕੋ-ਆਰਡੀਨੇਟਰ ਵਜੋਂ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਗਰਮੀ, ਸਰਦੀ, ਵਰਖਾ ਅਤੇ ਬਾਹਰ ਰੁੱਤ ਵਿੱਚ ਮਧੂਮੱਖੀਆਂ ਦੀ ਸਾਂਭ-ਸੰਭਾਲ ਅਤੇ ਇਸ ਧੰਦੇ ਦੇ ਸਹਿ-ਉਤਪਾਦਾਂ ਦੀ ਵੀ ਜਾਣਕਾਰੀ ਦਿੱਤੀ। ਸਾਰੇ ਸਿੱਖਿਆਰਥੀਆਂ ਨੂੰ ਮਧੂਮੱਖੀਆਂ ਦੇ ਬਕਸਿਆਂ ਉੱਤੇ ਪ੍ਰੈਕਟੀਕਲ ਅਭਿਆਸ ਵੀ ਕਰਵਾਇਆ ਗਿਆ। ਡਾ. ਕੁਲਵਿੰਦਰ ਸਿੰਘ, ਬਾਗ਼ਬਾਨੀ ਅਫ਼ਸਰ ਨੇ ਨੈਸ਼ਨਲ ਬੀ-ਬੋਰਡ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਭਲਾਈ ਅਤੇ ਮਧੂਮੱਖੀ ਪਾਲਣ ਸਬੰਧੀ ਵਿੱਤੀ ਸਹਾਇਤਾ ਸਕੀਮਾਂ ਦੀ ਜਾਣਕਾਰੀ ਦਿੱਤੀ। ਸਟੇਟ ਬੈਂਕ ਆਫ਼ ਇੰਡੀਆ ਦੇ ਮੈਨੇਜਰ ਪੰਕਜ ਕੁਮਾਰ ਨੇ ਬੈਂਕ ਦੀਆਂ ਲੋਨ ਸਕੀਮਾਂ ਦੀ ਜਾਣਕਾਰੀ ਦਿੱਤੀ।