ਸਥਾਨਕ ਮਾਣਕਮਾਜਰਾ ਰੋਡ ’ਤੇ ਇਕ ਬੰਦ ਪਈ ਮਿੱਲ ਵਿਚ ਚੱਲ ਰਹੀ ਅਣ-ਅਧਿਕਾਰਤ ਪਟਾਕਾ ਫੈਕਟਰੀ ਨੂੰ ਅਚਾਨਕ ਅੱਗ ਲੱਗ ਗਈ। ਫੈਕਟਰੀਆਂ, ਸ਼ੈਲਰਾਂ ਅਤੇ ਖੇਤ ਮਾਲਕਾਂ ਵੱਲੋਂ ਸੂਚਿਤ ਕਰਨ ’ਤੇ ਨਗਰ ਕੌਂਸਲ ਮਾਲੇਰਕੋਟਲਾ ਦੀਆਂ ਦੋ ਫਾਇਰ ਬ੍ਰਿਗੇਡ ਗੱਡੀਆਂ ਨੇ ਕਰੀਬ ਇੱਕ ਘੰਟੇ ਦੀ ਭਾਰੀ ਮੁਸ਼ੱਕਤ ਪਿੱਛੋਂ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ। ਘਟਨਾ ਸਥਾਨ ਨੇੜੇ ਆਪਣੇ ਕਾਰੋਬਾਰ ਚਲਾ ਰਹੇ ਲੋਕਾਂ ਮੁਤਾਬਿਕ ਇਹ ਅਣ ਅਧਿਕਾਰਤ ਪਟਾਕਾ ਫੈਕਟਰੀ ਕੁੱਝ ਪਰਵਾਸੀ ਲੋਕਾਂ ਵੱਲੋਂ ਬੰਦ ਪਈ ਮਿੱਲ ਕਿਰਾਏ ’ਤੇ ਲੈ ਕੇ ਚਲਾਈ ਜਾ ਰਹੀ ਹੈ। ਅੱਜ ਅੱਗ ਲੱਗਣ ਤੋਂ ਤੁਰੰਤ ਪਿਛੋਂ ਪਟਾਕਾ ਫੈਕਟਰੀ ਦੇ ਸਾਰੇ ਕਰਿੰਦੇ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਨੇ ਦੱਸਿਆ ਕਿ ਇਸ ਪਟਾਕਾ ਫੈਕਟਰੀ ਕਾਰਨ ਖਰਾਬ ਹੋ ਰਹੀਆਂ ਫਸਲਾਂ ਨੂੰ ਵੇਖਦਿਆਂ ਨੇੜਲੇ ਖੇਤਾਂ ਵਾਲਿਆਂ ਵੱਲੋਂ ਪ੍ਰਸ਼ਾਸਨ ਨੂੰ ਇਸ ਸਬੰਧੀ ਸ਼ਿਕਾਇਤ ਵੀ ਕੀਤੀ ਗਈ ਸੀ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਲੋਕਾਂ ਨੇ ਦੱਸਿਆ ਕਿ ਨੇੜੇ ਹੀ ਖੇਤਾਂ ਵਿਚ ਬਣੇ ਮਕਾਨ ਅੰਦਰ ਵੀ ਅਜਿਹੀ ਇਕ ਹੋਰ ਪਟਾਕਾ ਫੈਕਟਰੀ ਵੀ ਚੱਲ ਰਹੀ ਹੈ।
ਫਾਇਰ ਬ੍ਰਿਗੇਡ ਅਫਸਰ ਮੁਹੰਮਦ ਦਿਲਸ਼ਾਦ ਮੁਤਾਬਿਕ ਕੰਟਰੋਲ ਰੂਮ ਤੋਂ ਮਾਣਕ ਮਾਜਰਾ ਰੋਡ ’ਤੇ ਇਕ ਫੈਕਟਰੀ ਨੂੰ ਅੱਗ ਲੱਗਣ ਦੀ ਇਤਲਾਹ ਮਿਲਣ ’ਤੇ ਉਨ੍ਹਾਂ ਤੁਰੰਤ ਮੌਕੇ ’ਤੇ ਪਹੁੰਚ ਕੇ ਅੱਗ ਉਪਰ ਕਾਬੂ ਪਾਇਆ।
ਪੁਲੀਸ ਚੌਕੀ ਹਿੰਮਤਾਣਾ ਦੇ ਇੰਚਾਰਜ ਨੇ ਦੱਸਿਆ ਕਿ ਐੱਸ ਐੱਚ ਓ ਅਮਰਗੜ੍ਹ ਫੈਕਟਰੀ ਦਾ ਦੋ ਵਾਰ ਦੌਰਾ ਕਰ ਚੁੱਕੇ ਹਨ ਪਰ ਫੈਕਟਰੀ ਨੂੰ ਤਾਲਾ ਲੱਗਿਆ ਹੋਣ ਕਰਕੇ ਕੋਈ ਕਾਰਵਾਈ ਸੰਭਵ ਨਹੀਂ ਹੋ ਸਕੀ। ਬੀਤੇ ਦਿਨ ਫੈਕਟਰੀ ਮਾਲਕ ਨੂੰ ਬੁਲਾਇਆ ਗਿਆ ਹੈ ਤਾਂ ਜੋ ਕਾਰਵਾਈ ਵਿਚ ਲਿਆਂਦੀ ਜਾ ਸਕੇ।

