ਝੋਨੇ ’ਤੇ ਕੱਟ ਲਾਉਣ ਦਾ ਵਿਰੋਧ ਕਰਨਗੇ ਕਿਸਾਨ
ਕਿਰਤੀ ਕਿਸਾਨ ਯੂਨੀਅਨ ਵੱਲੋਂ ਭਖ਼ਦੇ ਕਿਸਾਨੀ ਮਸਲਿਆਂ ਨੂੰ ਉਭਾਰਨ ਲਈ ਸੰਯੁਕਤ ਮੋਰਚੇ ਦੇ ਸੱਦੇ ’ਤੇ 8 ਅਕਤੂਬਰ ਨੂੰ ਸੰਗਰੂਰ ਵਿਖੇ ਲਗਾਏ ਜਾ ਰਹੇ ਧਰਨੇ ਦੀਆਂ ਤਿਆਰੀਆਂ ਵਜੋਂ ਪਿੰਡ ਰਾਜੋਮਾਜਰਾ, ਈਸਾਪੁਰ ਲੰਡਾ ਅਤੇ ਘਨੌਰ ਕਲਾਂ ਵਿਖੇ ਮੀਟਿੰਗਾਂ ਕੀਤੀਆਂ ਗਈਆਂ। ਪਿੰਡ ਰਾਜੋਮਾਜਰਾ...
ਕਿਰਤੀ ਕਿਸਾਨ ਯੂਨੀਅਨ ਵੱਲੋਂ ਭਖ਼ਦੇ ਕਿਸਾਨੀ ਮਸਲਿਆਂ ਨੂੰ ਉਭਾਰਨ ਲਈ ਸੰਯੁਕਤ ਮੋਰਚੇ ਦੇ ਸੱਦੇ ’ਤੇ 8 ਅਕਤੂਬਰ ਨੂੰ ਸੰਗਰੂਰ ਵਿਖੇ ਲਗਾਏ ਜਾ ਰਹੇ ਧਰਨੇ ਦੀਆਂ ਤਿਆਰੀਆਂ ਵਜੋਂ ਪਿੰਡ ਰਾਜੋਮਾਜਰਾ, ਈਸਾਪੁਰ ਲੰਡਾ ਅਤੇ ਘਨੌਰ ਕਲਾਂ ਵਿਖੇ ਮੀਟਿੰਗਾਂ ਕੀਤੀਆਂ ਗਈਆਂ। ਪਿੰਡ ਰਾਜੋਮਾਜਰਾ ਵਿਖੇ ਹੋਈ ਕਿਸਾਨ ਮੀਟਿੰਗ ਮਗਰੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਹਰਦਮ ਸਿੰਘ ਰਾਜੋਮਾਜਰਾ ਨੇ ਸਮੇਂ ਦੀਆਂ ਸਰਕਾਰਾਂ ’ਤੇ ਦੋਸ਼ ਲਗਾਇਆ ਕਿ ਪੰਜਾਬ ਵਿੱਚ ਹੜ੍ਹ ਆਏ ਪਰ ਪੰਜਾਬ ਤੇ ਕੇਂਦਰ ਸਰਕਾਰ ਨੇ ਪੀੜਤ ਲੋਕਾਂ ਨੂੰ ਹਾਲੇ ਤੱਕ ਧੇਲਾ ਨਹੀਂ ਦਿੱਤਾ ਸਗੋਂ ਇੱਕ ਦੂਜੇ ’ਤੇ ਬਿਆਨਬਾਜ਼ੀ ਕਰਕੇ ਲੋਕਾਂ ਦਾ ਧਿਆਨ ਭਟਕਾਉਣ ਤੱਕ ਹੀ ਸੀਮਤ ਰਹੇ। ਸ੍ਰੀ ਜਹਾਂਗੀਰ ਨੇ ਹੜ੍ਹਾਂ ਨੂੰ ਕੁਦਰਤੀ ਮਾਰ ਕਹਿਣ ’ਤੇ ਇਤਰਾਜ਼ ਕਰਦਿਆਂ ਕਿਹਾ ਕਿ ਡੈਮਾਂ ਵਿੱਚ ਜ਼ਿਆਦਾ ਗਾਰ ਜੰਮੀ ਹੋਣ ਦਾ ਕਾਰਨ ਸਫ਼ਾਈ ਦਾ ਨਾ ਹੋਣਾ, ਮੌਸਮ ਵਿਭਾਗ ਦੀ ਜਾਣਕਾਰੀ ਦੇ ਬਾਵਜੂਦ ਪਾਣੀ ਦੀ ਮਾਤਰਾ ਨੂੰ ਵਧਾਉਣ ਘਟਾਉਣ ਸਬੰਧੀ ਸਮੇਂ ਸਿਰ ਸਹੀ ਫੈਸਲੇ ਲੈਣ ਵਿੱਚ ਕਥਿਤ ਅਣਗਹਿਲੀ ਅਤੇ ਇਸ ਮਾਮਲੇ ਵਿੱਚ ਕਿਸੇ ਦੀ ਵੀ ਜ਼ਿੰਮੇਵਾਰੀ ਤੈਅ ਨਾ ਕਰਨਾ ਪੰਜਾਬ ਦੇ ਲੋਕਾਂ ਨਾਲ ਕੋਝਾ ਮਜ਼ਾਕ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਕਿਹਾ ਕਿ ਮੰਡੀਆਂ ਵਿੱਚ ਇਸ ਵਾਰ ਕਿਸਾਨ ਵਿਰੋਧੀ ਤਾਕਤਾਂ ਝੋਨੇ ਦੀ ਨਮੀ ਦਾ ਮੁੱਦਾ ਬਣਾ ਕੇ ਮੋਟੇ ਕੱਟ ਲਗਾਉਣ ਦੀ ਤਿਆਰੀ ਵਿੱਚ ਬੈਠੇ ਹਨ ਜਿਸ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਰਾਲੀ ਕੱਟਣ ਲਈ ਕਿਸਾਨਾਂ ਦੀ ਆਰਥਿਕਤਾ ਤੇ ਜ਼ਮੀਨੀ ਹਕੀਕਤਾਂ ਨੂੰ ਅੱਖੋਂ-ਪਰੋਖੇ ਕਰਕੇ ਪਰਚੇ ਦਰਜ ਕਰਨ ਅਤੇ ਫਰਦਾਂ ’ਤੇ ਲਾਲ ਲਾਈਨ ਲਗਾਉਣ ਦੇ ਡਰਾਵਿਆਂ ਨੂੰ ਮੂਕ ਦਰਸ਼ਕ ਨਹੀਂ ਬਣ ਕੇ ਵੇਖਾਂਗੇ ਸਗੋਂ ਲੰਬੀ ਲੜਾਈ ਲਈ ਕਿਸਾਨ ਤਿਆਰ-ਬਰ-ਤਿਆਰ ਹਨ। ਇਸ ਮੌਕੇ ਬਲਾਕ ਆਗੂ ਪਰਗਟ ਸਿੰਘ ਰਾਜੋਮਾਜਰਾ, ਮਨਪ੍ਰੀਤ ਸਿੰਘ ਈਸਾਪੁਰ, ਜਸਪਾਲ ਸਿੰਘ ਈਸਾਪੁਰ ਅਤੇ ਇਕਾਈ ਪ੍ਰਧਾਨ ਅਮਰੀਕ ਸਿੰਘ ਘਨੌਰ ਕਲਾਂ ਨੇ ਵੀ ਸੰਬੋਧਨ ਕੀਤਾ।