ਕਿਸਾਨਾਂ ਨੇ ਬਿਜਲੀ ਮੀਟਰਾਂ ਦਾ ਲੋਡ ਚੈੱਕ ਕਰਨ ਆਏ ਮੁਲਾਜ਼ਮ ਘੇਰੇ
ਪਿੰਡ ਮਹਿਲਾਂ ਚੌਕ ਵਿੱਚ ਅੱਜ ਬਿਜਲੀ ਮਹਿਕਮੇ ਦੇ ਲੋਡ ਚੈੱਕ ਕਰਨ ਆਏ ਮੁਲਾਜ਼ਮਾਂ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਘਿਰਾਓ ਕੀਤਾ ਅਤੇ ਮਹਿਕਮੇ ਦੀ ਇਸ ਕਾਰਵਾਈ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਧਰਨਾ ਲਾਇਆ। ਜਥੇਬੰਦੀ ਦੇ ਦਿੜ੍ਹਬਾ ਇਕਾਈ ਦੇ ਪ੍ਰਧਾਨ ਜਗਜੀਤ ਸਿੰਘ ਸੇਖੋਂ ਦੀ ਅਗਵਾਈ ਹੇਠ ਇਕੱਤਰ ਹੋਏ ਕਿਸਾਨ ਆਗੂ ਹਰਜੀਤ ਸਿੰਘ ਅਤੇ ਅਮਨਦੀਪ ਸਿੰਘ ਮਹਿਲਾਂ ਦਾ ਕਹਿਣਾ ਸੀ ਕਿ ਬਿਜਲੀ ਮਹਿਕਮੇ ਦੇ ਮੁਲਾਜ਼ਮ ਜਾਣਬੁੱਝ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਸਬ ਡਿਵੀਜ਼ਨ ਮਹਿਲਾਂ ਦੇ ਐੱਸਡੀਓ ਸਮੇਤ ਲਗਭਗ ਅੱਧੀ ਦਰਜਨ ਮੁਲਾਜ਼ਮਾਂ ਨੇ ਸਵੇਰੇ ਲਗਭਗ 6 ਵਜੇ ਕਿਸਾਨ ਬਲਦੇਵ ਸਿੰਘ ਨੂੰ ਡਰਾਇਆ ਧਮਕਾਇਆ ਗਿਆ ਕਿ ਉਹ ਕਾਫ਼ੀ ਸਮੇਂ ਤੋਂ ਕੁੰਡੀ ਲਗਾਉਂਦਾ ਆ ਰਿਹਾ ਹੈ। ਕਿਸਾਨ ਜਥੇਬੰਦੀ ਦਾ ਕਹਿਣਾ ਸੀ ਕਿ ਬਲਦੇਵ ਸਿੰਘ ਦਾ ਮੀਟਰ ਪਹਿਲਾਂ ਤੋਂ ਹੀ ਖਰਾਬ ਹੈ ਜੋ ਕਿ ਐਵਰੇਜ ਬਿੱਲ ਹਰ ਮਹੀਨੇ ਭਰਨ ਦੇ ਨਾਲ-ਨਾਲ ਚਿੱਪ ਵਾਲਾ ਮੀਟਰ ਨਾ ਲਾਉਣ ਦਾ ਵਿਰੋਧ ਕਰਦਾ ਆ ਰਿਹਾ ਸੀ। ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਬਿਜਲੀ ਮਹਿਕਮੇ ਦੀ ਅਜਿਹੀ ਕਾਰਵਾਈ ਨਹੀਂ ਚੱਲਣ ਦਿੱਤੀ ਜਾਵੇਗੀ। ਉਧਰ ਮੌਕੇ ਉੱਤੇ ਪੁੱਜੇ ਪੁਲੀਸ ਚੌਕੀ ਮਹਿਲਾਂ ਦੇ ਇੰਚਾਰਜ ਕਰਮਜੀਤ ਸਿੰਘ ਨੇ ਮਸਲੇ ਨੂੰ ਸੁਲਝਾਉਣ ਦਾ ਯਤਨ ਕੀਤਾ ਅਤੇ ਕਿਸਾਨ ਅਤੇ ਬਿਜਲੀ ਮਹਿਕਮੇ ਦੇ ਕਰਮੀਆਂ ਵਿੱਚ ਪੈਕੇ ਮਸਲਾ ਹੱਲ ਕਰਵਾਇਆ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਅੱਜ ਦਾ ਧਰਨਾ ਸਮਾਪਤ ਕੀਤਾ। ਇਸ ਮੌਕੇ ਦਰਸ਼ਨ ਸਿੰਘ ਮਾਨ, ਗੁਰਜੰਟ ਸਿੰਘ ਖਰਾ, ਕੁਲਦੀਪ ਸਿੰਘ ਮਾਨ, ਚਮਕੌਰ ਸਿੰਘ ਘੁਮਾਣ, ਜਗਦੀਪ ਸਿੰਘ ਘੁਮਾਣ, ਕਰਨੈਲ ਦਾਸ, ਰਾਮ ਸਿੰਘ, ਅਜੈਬ ਸਿੰਘ ਤੇ ਬਹਾਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਐੱਸਡੀਓ ਨੇ ਦੋਸ਼ ਨਕਾਰੇ
ਬਿਜਲੀ ਬੋਰਡ ਦੇ ਐੱਸਡੀਓ ਮਨਪ੍ਰੀਤ ਸਿੰਘ ਨੇ ਕਿਸਾਨਾਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਉਹ ਰੂਟੀਨ ਵਿੱਚ ਖੇਤੀ ਕੁਨੈਕਸ਼ਨ ਦੀ ਚੈਕਿੰਗ ਕਰ ਰਹੇ ਸਨ, ਜਿਨ੍ਹਾਂ ਵਲੋਂ ਕਿਸੇ ਵੀ ਘਰ ਵਿੱਚ ਧੱਕੇ ਨਾਲ ਨਹੀਂ ਵੜਿਆ ਗਿਆ।