ਕਿਸਾਨਾਂ ਨੇ ਘਰ ’ਤੇ ਕਬਜ਼ਾ ਕਾਰਵਾਈ ਰੋਕੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਧੂਰੀ ’ਚ ਕਰਜ਼ੇ ਬਦਲੇ ਘਰ ਦੀ ਕੀਤੀ ਜਾ ਰਹੀ ਕੁਰਕੀ ਰੁਕਵਾਈ। ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਜਥੇਬੰਦੀ ਨੇ ਸਪੱਸ਼ਟ ਐਲਾਨ ਕੀਤਾ ਕਿ ਜਥੇਬੰਦੀ ਕਿਸੇ ਵੀ ਕਿਸਾਨ ਦੀ ਜ਼ਮੀਨ ਅਤੇ ਕਿਸੇ ਵੀ ਪਰਿਵਾਰ ਦੇ...
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਧੂਰੀ ’ਚ ਕਰਜ਼ੇ ਬਦਲੇ ਘਰ ਦੀ ਕੀਤੀ ਜਾ ਰਹੀ ਕੁਰਕੀ ਰੁਕਵਾਈ। ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਜਥੇਬੰਦੀ ਨੇ ਸਪੱਸ਼ਟ ਐਲਾਨ ਕੀਤਾ ਕਿ ਜਥੇਬੰਦੀ ਕਿਸੇ ਵੀ ਕਿਸਾਨ ਦੀ ਜ਼ਮੀਨ ਅਤੇ ਕਿਸੇ ਵੀ ਪਰਿਵਾਰ ਦੇ ਘਰ ਦੀ ਕਰਜ਼ੇ ਬਦਲੇ ਕੁਰਕੀ ਨਹੀਂ ਹੋਣ ਦੇਣਗੇ। ਬੀਕੇਯੂ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਹਰਪਾਲ ਸਿੰਘ ਪੇਧਨੀ ਅਤੇ ਬਲਾਕ ਦੇ ਪ੍ਰੈੱਸ ਸਕੱਤਰ ਮਨਜੀਤ ਸਿੰਘ ਜਹਾਂਗੀਰ ਨੇ ਦੱਸਿਆ ਕਿ ਮਨਜੀਤ ਕੁਮਾਰ ਪੁੱਤਰ ਪ੍ਰੇਮ ਕੁਮਾਰ ਵਾਸੀ ਧੂਰੀ ਨੇ 2018 ਵਿੱਚ ਹਾਊਸਿੰਗ ਫਾਇਨਾਂਸ ਪਾਸੋਂ 12,72000 ਕਰਜ਼ਾ ਲਿਆ ਸੀ। ਆਗੂਆਂ ਨੇ ਦਾਅਵਾ ਕੀਤਾ ਕਿ ਕਰੋਨਾ ਕਾਲ ਮਗਰੋਂ ਆਰਥਿਕ ਸਥਿਤੀ ਡਾਵਾਂਡੋਲ ਹੋਣ ਦੇ ਬਾਵਜੂਦ ਪਰਿਵਾਰ ਨੇ ਕਾਫ਼ੀ ਕਰਜ਼ਾ ਰਾਸ਼ੀ ਭਰ ਵੀ ਦਿੱਤੀ ਸੀ ਅਤੇ ਹੁਣ ਜਥੇਬੰਦੀ ਨੂੰ ਨਾਲ ਲੈ ਕੇ 10 ਲੱਖ ਹੋਰ ਭਰਨ ਲਈ ਮੈਨੇਜਰ ਕੋਲ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਪੂਰਾ ਵਿਆਜ ਸਮੇਤ ਪੈਸਾ ਵਾਪਸ ਲੈਣ ਲਈ ਪੈਰ ’ਤੇ ਪਾਣੀ ਨਹੀਂ ਪੈਣ ਦਿੱਤਾ। ਇਸ ਮੌਕੇ ਕਿਸਾਨ ਜਥੇਬੰਦੀ ਦੇ ਮੋਹਰੀ ਆਗੂ ਰਾਮ ਸਿੰਘ ਕੱਕੜਵਾਲ, ਕ੍ਰਿਪਾਲ ਸਿੰਘ ਧੂਰੀ, ਜ਼ੋਰਾ ਸਿੰਘ ਕੰਧਾਰਗੜ੍ਹ, ਕਰਮਜੀਤ ਸਿੰਘ ਬੇਨੜਾ, ਦਰਸ਼ਨ ਸਿੰਘ ਕਿਲਾਹਕੀਮਾ ਅਤੇ ਮਹਿੰਦਰ ਸਿੰਘ ਭਸੌੜ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰਾਂ ਕਾਰਪੋਰੇਟਾਂ ਦੇ ਅਰਬਾਂ ਰੁਪਏ ਮੁਆਫ਼ ਕਰ ਰਹੀਆਂ ਹਨ ਪਰ ਦੂਜੇ ਪਾਸੇ ਕਰੋਨਾ ਵਰਗੀ ਸਮੱਸਿਆ ’ਚੋਂ ਨਿਕਲੇ ਪਰਿਵਾਰਾਂ ਦੀ ਸਾਰ ਨਹੀਂ ਲੈ ਰਹੇ। ਉਨ੍ਹਾਂ ਕਿਹਾ ਕਿ ਉਹ ਸਬੰਧਤ ਪਰਿਵਾਰ ਨਾਲ ਡਟਕੇ ਖੜ੍ਹੇ ਹਨ ਅਤੇ ਕਿਸੇ ਵੀ ਕੀਮਤ ’ਤੇ ਘਰ ਦੀ ਕੁਰਕੀ ਨਹੀਂ ਹੋਣ ਦੇਣਗੇ।
ਬੈਂਕ ਨੇ ਤਾਲਮੇਲ ਨਹੀਂ ਕੀਤਾ: ਨਾਇਬ ਤਹਿਸੀਦਾਰ
ਨਵੇਂ ਨਾਇਬ ਤਹਿਸੀਲਦਾਰ ਅਮਿਤ ਕੁਮਾਰ ਨੇ ਕਿਹਾ ਕਿ ਉਨ੍ਹਾਂ ਅੱਜ ਹੀ ਹਾਜ਼ਰੀ ਪਾਈ ਹੈ ਅਤੇ ਸਾਰਾ ਦਿਨ ਦਫ਼ਤਰ ਹੀ ਸਨ ਪਰ ਸਬੰਧਤ ਬੈਂਕ ਅਧਿਕਾਰੀਆਂ ਨੇ ਉਨ੍ਹਾਂ ਨਾਲ ਕੋਈ ਤਾਲਮੇਲ ਨਹੀਂ ਕੀਤਾ।