ਹੜ੍ਹ ਪੀੜਤਾਂ ਲਈ ਰਸਦ ਤੇ ਨਕਦੀ ਇਕੱਠੀ ਕਰਨ ਲੱਗੇ ਕਿਸਾਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਕਾਲਾਝਾੜ ਵਿੱਚ ਇਕਾਈ ਪ੍ਰਧਾਨ ਗੁਰਬਚਨ ਸਿੰਘ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਲਈ ਸੂਬਾ ਕਮੇਟੀ ਦੇ ਸੱਦੇ ਤਹਿਤ ਰਾਸ਼ਨ, ਕੱਪੜੇ, ਬਿਸਤਰੇ, ਸੂਟ ਅਤੇ ਨਕਦ ਰਾਸ਼ੀ ਇਕੱਠੀ ਕੀਤੀ ਗਈ। ਯੂਨੀਅਨ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਪੰਜਾਬ ਵਿੱਚ ਆਏ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਸਹਾਇਤਾ ਲਈ ਜਥੇਬੰਦੀ ਵੱਲੋਂ ਸੂਬਾ ਪੱਧਰੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚੋਂ ਪਹਿਲਾ ਕਾਫਲਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 20 ਸਤੰਬਰ ਤੋਂ 24 ਸਤੰਬਰ ਤੱਕ 180 ਟਰਾਲੀਆਂ ਕਣਕ, ਕੱਪੜੇ ਬਿਸਤਰੇ ਸਮੇਤ ਹੋਰ ਜ਼ਰੂਰੀ ਵਸਤਾਂ ਭਰ ਕੇ ਭੇਜੀਆਂ ਜਾਣੀਆਂ ਹਨ।
ਇਸ ਮੌਕੇ ਇਕਾਈ ਆਗੂ ਅਵਤਾਰ ਸਿੰਘ, ਜੱਗਰ ਸਿੰਘ, ਜੋਧਾ ਸਿੰਘ, ਸੱਤੂ ਸਿੰਘ, ਰਾਜ ਸਿੰਘ, ਰਾਣਾ ਸਿੰਘ, ਸਵਰਨ ਸਿੰਘ, ਗੁਰਦੀਪ ਸਿੰਘ, ਇੰਦਰ ਸਿੰਘ, ਔਰਤ ਇਕਾਈ ਦੇ ਪ੍ਰਧਾਨ ਜਸਵਿੰਦਰ ਕੌਰ, ਜਸਵੀਰ ਕੌਰ, ਸ਼ਿੰਦਰ ਕੌਰ ਸਮੇਤ ਵੱਡੀ ਗਿਣਤੀ ਪਿੰਡ ਵਿੱਚੋਂ ਕਿਸਾਨ ਮਜ਼ਦੂਰ ਮਾਵਾਂ ਭੈਣਾਂ ਅਤੇ ਨੌਜਵਾਨ ਰਾਸ਼ਨ ਇਕੱਠਾ ਕਰਨ ਦੇ ਵਿੱਚ ਸ਼ਾਮਲ ਸਨ।
ਬੀਕੇਯੂ ਆਜ਼ਾਦ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਬਾਰੇ ਵਿਚਾਰ ਚਰਚਾ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਬਲਾਕ ਸੰਗਰੂਰ ਦੀ ਮੀਟਿੰਗ ਅੱਜ ਗੁਰਦੁਆਰਾ ਸਾਹਿਬ ਕਿਲਾ ਭਰੀਆਂ ਵਿੱਚ ਬਲਾਕ ਪ੍ਰਧਾਨ ਮਹਿੰਦਰ ਮੰਗਵਾਲ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਮੀਟਿੰਗ ਵਿੱਚ ਵੱਖ ਵੱਖ ਪਿੰਡਾਂ ਦੀਆਂ ਇਕਾਈਆਂ ਦੇ ਪ੍ਰਧਾਨ ਸਕੱਤਰ ਸ਼ਾਮਲ ਹੋਏ। ਮੀਟਿੰਗ ਵਿੱਚ ਸੂਬਾ ਕਾਰਜਕਾਰੀ ਆਗੂ ਜਸਵਿੰਦਰ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੜਾਂ ਨੇ ਨਾਲ ਵੱਡੀ ਪੱਧਰ ਉੱਤੇ ਤਬਾਹੀ ਕੀਤੀ ਹੈ। ਲੱਖਾਂ ਏਕੜ ਫਸਲ, ਘਰ ਤੇ ਪਸ਼ੂ ਹੜ੍ਹਾਂ ਨੇ ਆਪਣੀ ਲਪੇਟ ਵਿੱਚ ਲੈ ਲਈਆ ਹਨ ਪਰ ਪੰਜਾਬ ਸਰਕਾਰ ਸਿਰਫ 20 ਹਜ਼ਾਰ ਪ੍ਰਤੀ ਏਕੜ ਦੇ ਨਿਗੂਣੇ ਮੁਆਵਜ਼ੇ ਦਾ ਐਲਾਨ ਕਰਕੇ ਕਿਸਾਨਾਂ ਮਜ਼ਦੂਰਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ। ਇੱਕ ਪਾਸੇ ਕਿਸਾਨਾਂ ਦੀ ਖੜ੍ਹੀ ਫਸਲ ਖੇਤ ਵਿੱਚ ਖਤਮ ਹੋ ਗਈ ਹੈ। ਉੱਪਰੋਂ ਕਣਕ ਦੀ ਬਿਜਾਈ ਵੀ ਖੇਤਾਂ ਵਿੱਚ ਵੱਡੀ ਪੱਧਰ ਤੇ ਰੇਤ ਤੇ ਗਾਰ ਚੜ੍ਹਨ ਨਾਲ ਨਹੀਂ ਹੋਣੀ। ਇਸ ਲਈ ਵੱਡੀ ਪੱਧਰ ’ਤੇ ਡੀਜ਼ਲ ਤੇ ਟਰੈਕਟਰਾਂ ਦੀ ਲੋੜ ਪੈਣੀ ਹੈ। ਇਸ ਲਈ ਪਿੰਡਾਂ ਵਿੱਚੋਂ ਰਾਸ਼ਨ, ਕਣਕ ਦਾ ਬੀਜ, ਦਵਾਈਆਂ, ਡੀ ਏ ਪੀ ਤੇ ਹੋਰ ਲੋੜ ਦੀਆਂ ਚੀਜ਼ਾ ਨੂੰ ਪੀੜਤ ਲੋਕਾਂ ਤੱਕ ਪਹੁੰਚਾਉਣ ਲਈ ਸਾਰੀਆਂ ਪਿੰਡ ਇਕਾਈਆਂ ਨੂੰ ਪਿੰਡਾਂ ਵਿੱਚੋਂ ਵੱਡੀ ਪੱਧਰ ਤੇ ਜ਼ਰੂਰਤਮੰਦ ਸਾਮਾਨ ਇਕੱਠਾ ਕਰਨ ਲਈ ਡਿਊਟੀ ਦੇਣ ਦੀ ਲੋੜ ਹੈ। ਜ਼ਿਲ੍ਹਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ ਨੇ ਕਿਹਾ ਕਿ ਟਰਾਲੀਆਂ ਚੋਰੀ ਕਰਨ ਮਾਮਲੇ ਵਿੱਚ ਨਾਭਾ ਨਗਰ ਕੌਂਸਲ ਦੇ ਪ੍ਰਧਾਨ ਦੇ ਪਤੀ ਦੀ ਗ੍ਰਿਫ਼ਤਾਰੀ ਲਈ 22 ਸਤੰਬਰ ਨੂੰ ਡੀ ਐੱਸ ਪੀ ਦਫ਼ਤਰ ਨਾਭਾ ਅੱਗੇ ਧਰਨਾ ਦਿੱਤਾ ਜਾਵੇਗਾ। ਮੀਟਿੰਗ ਵਿੱਚ ਜ਼ਿਲ੍ਹਾ ਆਗੂ ਜਸਵੀਰ ਮੈਦੇਵਾਸ, ਸੰਤ ਰਾਮ ਛਾਜਲੀ, ਅਮਰ ਲੌਂਗੋਵਾਲ, ਰਾਜਪਾਲ ਮੰਗਵਾਲ ਤੇ ਬਾਰਾ ਮੰਗਵਾਲ ਆਦਿ ਹਾਜ਼ਰ ਸਨ।