ਕਿਸਾਨਾਂ ਵੱਲੋਂ ਕੈਬਨਿਟ ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਰਾਮੇਸ਼ ਭਾਰਦਵਾਜ
ਲਹਿਰਾਗਾਗਾ, 28 ਜੂਨ
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਨਿਰਭੈ ਸਿੰਘ ਖਾਈ ’ਤੇ ਭੂ-ਮਾਫੀਆ ਗਰੋਹ ਵੱਲੋਂ ਸਿਆਸੀ ਸ਼ਹਿ ’ਤੇ ਹਮਲਾ ਕਰਕੇ ਉਨ੍ਹਾਂ ਦੀਆਂ ਲੱਤਾਂ-ਬਾਹਾਂ ਤੋੜ ਦਿੱਤੀਆਂ ਗਈਆਂ ਪਰ ਦੋ ਮਹੀਨੇ ਬੀਤਣ ’ਤੇ ਵੀ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਅੱਜ ਇਨਸਾਫ਼ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਭੱਠਲ ਕਾਲਜ ਤੋਂ ਸ਼ੁਰੂ ਕਰਕੇ ਬਾਜ਼ਾਰਾਂ ਵਿੱਚੋਂ ਝੰਡਾ ਮਾਰਚ ਕਰਦਿਆਂ ਪੁਲੀਸ, ਸਿਆਸਤ ਤੇ ਭੂ-ਮਾਫੀਆ ਗੱਠਜੋੜ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਲਈ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਦਫ਼ਤਰ ਅੱਗੇ ਧਰਨਾ ਦਿੱਤਾ।
ਆਗੂਆਂ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਕਹਿੰਦੀ ਨਹੀਂ ਥੱਕਦੀ ਕਿ ਸਰਕਾਰ ਵਿੱਚ ਗੁੰਡਾਗਰਦੀ ਨਹੀਂ ਹੈ ਪਰ ਦੂਜੇ ਪਾਸੇ ਰੋਜ਼ਾਨਾ ਆਵਾਜ਼ ਚੁੱਕਣ ਵਾਲੇ ’ਤੇ ਹਮਲਾ ਹੋ ਰਿਹਾ ਹੈ, ਜਿਸ ਤਹਿਤ ਬੀਤੇ ਦਿਨੀਂ ਮਜ਼ਦੂਰ ਆਗੂ ਹਰਭਗਵਾਨ ਮੂਨਕ ’ਤੇ ਜਾਨਲੇਵਾ ਹਮਲਾ ਹੋਇਆ। ਇਨਸਾਫ਼ ਸੰਘਰਸ਼ ਕਮੇਟੀ ਨੇ ਇਸ ਹਮਲੇ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ। ਆਗੂਆਂ ਨੇ ਕਿਹਾ ਕਿ ਜਲਦੀ ਹੀ ਮੀਟਿੰਗ ਕਰਕੇ ਅਗਲੇ ਤਿੱਖੇ ਸੰਘਰਸ਼ ਦੀ ਰਣਨੀਤੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁਲਜ਼ਮ ਗ੍ਰਿਫ਼ਤਾਰ ਨਹੀਂ ਕੀਤੇ ਜਾਂਦੇ ਸੰਘਰਸ਼ ਜਾਰੀ ਰਹੇਗਾ। ਅੱਜ ਦੇ ਝੰਡਾ ਮਾਰਚ ਤੇ ਧਰਨੇ ਦੀ ਅਗਵਾਈ ਹਰਵਿੰਦਰ ਮਾਨ, ਮੱਖਣ ਪਾਪੜਾ, ਸੁਖਵਿੰਦਰ ਸਿੰਘ ਗਿਰ, ਲੀਲਾ ਚੋਟੀਆਂ, ਮਹਿੰਦਰ ਸਿੰਘ, ਗੁਰਮੇਲ ਸਿੰਘ ਖਾਈ, ਘਮੰਡ ਸਿੰਘ ਖਾਲਸਾ, ਬੱਬੀ ਲਹਿਰਾ, ਪੂਰਨ ਸਿੰਘ ਖਾਈ, ਸਵਰਨ ਸਿੰਘ, ਗੁਰਮੇਲ ਸਿੰਘ ਲੋਕ ਚੇਤਨਾ ਮੰਚ, ਹਰਭਗਵਾਨ ਗੁਰਨੇ, ਸਤਵੰਤ ਸਿੰਘ ਆਲਮਪੁਰ, ਗੁਰਦਾਸ ਝਲੂਰ, ਹਰਜਿੰਦਰ ਨੰਗਲਾ, ਗੁਰਤੇਜ ਖੰਡੇਬਾਦ, ਸੁਖਦੇਵ ਚੰਗਾਲੀਵਾਲਾ, ਪਾਲ ਖਾਈ ਤੇ ਦਰਸ਼ਨ ਸਿੰਘ ਖਾਈ ਨੇ ਕੀਤੀ।