ਕਿਸਾਨਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰੇ
ਪਰਾਲੀ ਪ੍ਰਬੰਧਨ ਲਈ ਬੋਨਸ ਨਾ ਦੇਣ ਦੇ ਦੋਸ਼; ਹਡ਼੍ਹ ਪੀਡ਼ਤਾਂ ਲਈ ਢੁੱਕਵਾਂ ਮੁਆਵਜ਼ਾ ਮੰਗਿਆ
ਕਿਸਾਨ-ਮਜ਼ਦੂਰ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਵੱਲੋਂ ਜ਼ਿਲ੍ਹਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ ਦੀ ਅਗਵਾਈ ਹੇਠ ਡੀ ਸੀ ਦਫ਼ਤਰ ਅਤੇ ਲੌਂਗੋਵਾਲ ਦੇ ਤਹਿਸੀਲ ਕੰਪਲੈਕਸ ਅੱਗੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਮੁਜ਼ਾਹਰਾਕਾਰੀ ਕਿਸਾਨ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਨ ਅਤੇ ਗ੍ਰਿਫ਼ਤਾਰੀਆਂ ਕਰਨ ਤੋਂ ਖਫ਼ਾ ਹਨ। ਇਸ ਮੌਕੇ ਭਾਕਿਯੂ ਏਕਤਾ ਆਜ਼ਾਦ ਦੇ ਸੂਬਾ ਕਾਰਜਕਾਰੀ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨਾਂ ਤੇ ਵਾਤਾਵਰਨ ਨੂੰ ਗੰਧਲਾ ਕਰਨ ਦਾ ਮੁੱਖ ਦੋਸ਼ੀ ਬਣਾ ਕੇ ਮੋਟੇ ਜੁਰਮਾਨੇ, ਜਮੀਨਾਂ ਤੇ ਰੈੱਡ ਐਂਟਰੀਆਂ ਤੇ ਧੜਾਧੜ ਜੇਲ ਡੱਕਣ ਦੇ ਰਾਹ ਪਈਆਂ ਹਨ। ਖੇਤੀਬਾੜੀ ਮਾਹਿਰਾਂ ਦੀਆਂ ਪਿਛਲੀਆਂ ਰਿਪੋਰਟਾਂ ਨੇ ਇਹ ਗੱਲ ਸਾਫ ਕੀਤੀ ਹੈ ਕਿ ਸਾਰੇ ਸਾਲ ਦਾ ਖੇਤੀਬਾੜੀ ਦਾ ਪ੍ਰਦੂਸ਼ਣ ਸਿਰਫ 6 ਫ਼ੀਸਦ ਹੈ ਜਦਕਿ ਵੱਡੀਆਂ ਫੈਕਟਰੀਆਂ, ਗੱਡੀਆਂ ਤੇ ਹੋਰ ਕਾਰੋਬਾਰੀ ਅਦਾਰਿਆਂ ਦਾ ਪ੍ਰਦੂਸ਼ਣ ਲਗਪਗ 94 ਫ਼ੀਸਦ ਹੈ। ਦੂਜੇ ਪਾਸੇ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤਦੇ ਹੋਏ ਪੰਜਾਬ ਦੇ ਪਾਣੀ ਤੇ ਆਬੋ ਹਵਾ ਨੂੰ ਗੰਧਲਾ ਕਰਨ ਤੇ ਫੈਕਟਰੀਆਂ ਵੱਲੋਂ ਧਰਤੀ ਥੱਲੇ ਜ਼ਹਿਰੀਲਾ ਪਾਣੀ ਪਾਉਣ ਤੋਂ ਰੋਕਣ ਵਾਲੇ ਕਾਨੂੰਨਾਂ ਤੇ ਕਾਰਪੋਰੇਟਾ ਨੂੰ ਸਜ਼ਾ ਦੇਣ ਦਾ ਪ੍ਰਬੰਧ ਕਰਦੀਆਂ ਮੱਦਾਂ ਨੂੰ ਵਿਸ਼ੇਸ਼ ਕਨੂੰਨ ਪਾਸ ਕਰਕੇ ਰੱਦ ਕਰ ਰਹੀ ਹੈ। ਇਸ ਤਰ੍ਹਾਂ ਪੰਜਾਬ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਸਾਫ ਨੰਗਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕੇ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ ਜਦੋਂ ਕਿ ਦੂਜੇ ਪਾਸੇ ਪੰਜਾਬ ਸਰਕਾਰ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਤੋਂ ਭੱਜ ਰਹੀ ਹੈ। ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ’ਤੇ ਹੜ੍ਹਾਂ ਦਾ ਮੂਆਵਜ਼ਾ ਦੇਣ ਦੀ ਬਜਾਏ ਇੱਕ ਦੂਜੇ ਉਪਰ ਦੂਸ਼ਣਬਾਜ਼ੀ ਕਰਕੇ ਸੌੜੀ ਸਿਆਸਤ ਕਰਨ ਦਾ ਦੋਸ਼ ਲਾਇਆ। ਕੁਲਵਿੰਦਰ ਸੋਨੀ ਲੌਂਗੋਵਾਲ ਨੇ ਮੰਗ ਕੀਤੀ ਕਿ ਹੜ੍ਹ ਪੀੜਤ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦਾ 70 ਹਜ਼ਾਰ ਪ੍ਰਤੀ ਏਕੜ, ਗੰਨੇ ਦੀ ਫਸਲ ਦੇ ਨੁਕਸਾਨ ਦਾ 1 ਲੱਖ ਰੁਪਏ ਪ੍ਰਤੀ ਏਕੜ, ਪਸ਼ੂਆਂ ਦੇ ਨੁਕਸਾਨ, ਘਰਾਂ ਦਾ ਤੇ ਹੋਰ ਜਾਨੀ ਮਾਲੀ ਨੁਕਸਾਨ ਦੇ ਮੁਆਵਜ਼ੇ ਕਿਸਾਨ ਮਜ਼ਦੂਰ ਮੋਰਚੇ ਦੀ ਮੰਗ ਅਨੁਸਾਰ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ। ਇਸ ਮੌਕੇ ਮਹਿਲਾ ਆਗੂ ਬਲਜੀਤ ਕੌਰ ਕਿਲਾ ਭਰੀਆਂ, ਜ਼ਿਲ੍ਹਾ ਆਗੂ ਹਰਦੇਵ ਕੁਲਾਰ, ਅਮਰ ਲੌਂਗੋਵਾਲ, ਰਾਜਪਾਲ ਮੰਗਵਾਲ ਤੇ ਬਲਾਕ ਪ੍ਰਧਾਨ ਮਹਿੰਦਰ ਮੰਗਵਾਲ ਆਦਿ ਨੇ ਸੰਬੋਧਨ ਕੀਤਾ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਬਲਾਕ ਪ੍ਰਧਾਨ ਮਨਦੀਪ ਸਿੰਘ ਭੂਤਗੜ੍ਹ ਦੀ ਅਗਵਾਈ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਪੁਤਲਾ ਫੂਕ ਮੁਜ਼ਾਹਰਾ ਤਹਿਸੀਲ ਕੰਪਲੈਕਸ ਪਾਤੜਾਂ ’ਚ ਕੀਤਾ ਗਿਆ। ਇਸੇ ਦੌਰਾਨ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਕਿਸਾਨਾਂ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਜ਼ਿਲ੍ਹਾ ਆਗੂ ਯਾਦਵਿੰਦਰ ਸਿੰਘ, ਸਤਨਾਮ ਸਿੰਘ ਨਿਆਲ, ਅਮਰੀਕ ਸਿੰਘ ਕਲਵਾਨੂੰ ਤੇ ਹਰਦਿਆਲ ਸਿੰਘ ਘੱਗਾ ਆਦਿ ਹਾਜ਼ਰ ਸਨ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਜ਼ਿਲ੍ਹਾ ਬਲਾਕ ਪ੍ਰਧਾਨ ਮੱਖਣ ਸਿੰਘ ਪਾਪੜਾ ਦੀ ਅਗਵਾਈ ਵਿੱਚ ਅੱਜ ਐੱਸ ਡੀ ਐੱਮ ਦਫ਼ਤਰ ਅੱਗੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸੂਬਾ ਕਾਰਜਕਾਰੀ ਆਗੂ ਜਸਵਿੰਦਰ ਲੌਂਗੋਵਾਲ ਨੇ ਸੰਬੋਧਨ ਕੀਤਾ।
ਸੰਦੌੜ (ਮੁਕੰਦ ਸਿੰਘ ਚੀਮਾ): ਬੀਕੇਯੂ (ਆਜ਼ਾਦ) ਵੱਲੋਂ ਅੱਜ ਅਨਾਜ ਮੰਡੀ ਸੰਦੌੜ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸੂਬਾਈ ਆਗੂ ਗੁਰਮੇਲ ਸਿੰਘ ਮਹੋਲੀ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨਾਅਰੇਬਾਜ਼ੀ ਕੀਤੀ। ਗੁਰਮੇਲ ਸਿੰਘ ਮਹੋਲੀ ਨੇ ਕਿਹਾ ਕਿ ਇੱਕ ਪਾਸੇ ਦੋਵੇਂ ਸਰਕਾਰਾਂ ਪਰਾਲੀ ਦੇ ਮੁੱਦੇ ’ਤੇ ਕਿਸਾਨਾਂ ਉਪਰ ਕੇਸ ਕਰ ਰਹੀਆਂ ਹਨ ਜਦਕਿ ਪਰਾਲੀ ਦੇ ਠੋਸ ਪ੍ਰਬੰਧ ਨੂੰ ਲੈ ਕੇ ਦੋਵੇਂ ਸਰਕਾਰਾਂ ਕੋਲ ਕੋਈ ਪੱਕਾ ਹੱਲ ਨਹੀਂ ਹੈ।
ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮੁਜ਼ਾਹਰਾ
ਪਟਿਆਲਾ (ਸਰਬਜੀਤ ਸਿੰਘ ਭੰਗੂ): ਕਿਸਾਨ ਮਜ਼ਦੂਰ ਮੋਰਚਾ ਦੇ ਅਧੀਨ ਆਉਂਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਕਿਸਾਨੀ ਮੰਗਾਂ ਮੰਨਵਾਉਣ ਲਈ ਡੀ ਸੀ ਦਫਤਰ ਮੂਹਰੇ ਧਰਨਾ ਦਿੰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਮੁਜ਼ਾਹਰਾ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕੇ ਗਏ। ਕਿਸਾਨ ਹੜ੍ਹਾਂ ਕਾਰਨ ਪ੍ਰਭਾਵਿਤ ਫਸਲਾਂ ਲਈ ਢੁੱਕਵਾਂ ਮੁਆਵਜ਼ਾ, ਡੀ ਏ ਪੀ ਦੀ ਘਾਟ ਦੂਰ ਕਰਨ, ਪਰਾਲੀ ਦੇ ਪ੍ਰਬੰਧਨ ਲਈ ਬੇਲਰ ਮੁਹੱਈਆ ਕਰਵਾਉਣ ਸਮੇਤ ਹੋਰ ਕਿਸਾਨੀ ਮੰਗਾਂ ਦੀ ਪੂਰਤੀ ’ਤੇ ਵੀ ਜ਼ੋਰ ਦਿੱਤਾ। ਇਸ ਦੌਰਾਨ ਬੀਕੇਯੂ ਆਜ਼ਾਦ ਤੇ ਸੂਬਾਈ ਆਗੂ ਮਨਜੀਤ ਸਿੰਘ ਨਿਆਲ਼, ਬੀਕੇਯੂ ਭਟੇੜੀ ਤੋਂ ਜੰਗ ਸਿੰੰਘ ਭਟੇੜੀ, ਗੁਰਧਿਆਨ ਸਿੰਘ ਸਿਓਣਾ, ਬਲਕਾਰ ਸਿੰਘ ਬੈਂਸ ਅਤੇ ਬੀਕੇਯੂ ਕ੍ਰਾਂਤੀਕਾਰੀ ਫੂਲ ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਆਦਿ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਬੀਕੇਯੂ ਆਜ਼ਾਦ ਦੇ ਆਗੂ ਚਮਕੌਰ ਸਿੰਘ ਦੀ ਅਗਵਾਈ ਹੇਠਲੇ ਕੁਝ ਕਿਸਾਨ ਮੀਂਹ ਕਾਰਨ ਜਦੋਂ ਡੀ ਸੀ ਦਫਤਰ ਨਾ ਪਹੁੰਚ ਸਕੇ ਤਾਂ ਉਨ੍ਹਾਂ ਨੇ ਪਿੰਡ ਭੇਡਪੁਰਾ ਦੇ ਬੱਸ ਸਟੈਂਡ ’ਤੇ ਹੀ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤਾ।