ਬੀਰਬਲ ਰਿਸ਼ੀ
ਧੂਰੀ, 25 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਨਹਿਰੂ ਕਲੋਨੀ ਦੇ ਇੱਕ ਮਜ਼ਦੂਰ ਦੀ ਫਾਇਨਾਂਸ ਕੰਪਨੀ ਵੱਲੋਂ ਕਰਵਾਈ ਜਾਣ ਵਾਲੀ ਘਰ ਦੀ ਕੁਰਕੀ ਰੁਕਵਾਉਣ ਦਾ ਦਾਅਵਾ ਕੀਤਾ ਹੈ। ਜਥੇਬੰਦੀ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਅਤੇ ਜਨਰਲ ਸਕੱਤਰ ਹਰਪਾਲ ਸਿੰਘ ਪੇਧਨੀ ਨੇ ਦੱਸਿਆ ਕਿ ਸ਼ਹਿਰ ਦੀ ਨਹਿਰੂ ਕਲੋਨੀ ਦੇ ਵਸਨੀਕ ਹਲਵਿੰਦਰ ਸਿੰਘ ਨੇ ਕਰੋਨਾ ਕਾਲ ਦੌਰਾਨ ਸੰਗਰੂਰ ਦੀ ਫਾਇਨਾਂਸ ਕੰਪਨੀ ਤੋਂ ਪੰਜ ਲੱਖ ਰੁਪਏ ਦਾ ਲੋਨ ਲਿਆ ਸੀ ਜਿਸ ਵਿੱਚੋਂ ਉਸ ਨੇ ਤਕਰੀਬਨ ਡੇਢ ਲੱਖ ਰੁਪਏ ਭਰ ਵੀ ਦਿੱਤੇ ਸਨ। ਇਸ ਮੌਕੇ ਹਾਜ਼ਰ ਬਲਾਕ ਆਗੂ ਕਰਮਜੀਤ ਸਿੰਘ ਭਲਵਾਨ, ਕ੍ਰਿਪਾਲ ਸਿੰਘ ਧੂਰੀ, ਦਰਸ਼ਨ ਸਿੰਘ ਕਿਲਾਹਕੀਮਾ, ਮਹਿੰਦਰ ਸਿੰਘ ਭਸੌੜ, ਜਰਨੈਲ ਸਿੰਘ ਸੁਲਤਾਨਪੁਰ ਅਤੇ ਜ਼ੋਰਾ ਸਿੰਘ ਕੰਧਾਰਗੜ੍ਹ ਨੇ ਕਿਹਾ ਕਿ ਕਰਜ਼ੇ ਬਦਲੇ ਕਿਸੇ ਕਿਸਾਨ ਮਜ਼ਦੂਰ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਸਬੰਧੀ ਨਾਇਬ ਤਹਿਸੀਲਦਾਰ ਮਨੀ ਮਹਾਜਨ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਰੁਝੇਵੇਂ ਕਾਰਨ ਇੱਕ ਹੋਰ ਮੁਲਾਜ਼ਮ ਦਾ ਨੰਬਰ ਭੇਜਕੇ ਗੱਲ ਕਰਨ ਲਈ ਆਖਿਆ। ਸਬੰਧਤ ਮੁਲਾਜ਼ਮ ਗੁਰਮੇਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਨਾਇਬ ਤਹਿਸੀਲਦਾਰ ਮੈਡਮ ਕੋਲ ਦੋ ਚਾਰਜ ਹੋਣ ਕਾਰਨ ਉਹ ਕਾਫ਼ੀ ਮਸ਼ਰੂਫ ਸਨ, ਜਿਸ ਕਾਰਨ ਉਹ ਅੱਜ ਕੁਰਕੀ ’ਤੇ ਨਹੀਂ ਪਹੁੰਚ ਸਕੇ।