ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਦੀ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਹੋਈ। ਇਸ ਮੌਕੇ ਮੌਕੇ ਆਗੂਆਂ ਦੱਸਿਆ ਕਿ ਪੰਜਾਬ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਆਉਂਦੀ 8 ਅਗਸਤ ਨੂੰ ਮੋਗਾ ਦੀ ਦਾਣਾ ਮੰਡੀ ਵਿੱਚ ਪੁਲੀਸ ਜਬਰ ਵਿਰੋਧੀ ਰੈਲੀ ਅਤੇ ਮਾਰਚ ਕੀਤੇ ਜਾਣਗੇ ਜਿਸ ਦੀਆਂ ਤਿਆਰੀਆਂ ਸੁਨਾਮ ਬਲਾਕ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ।ਉਨ੍ਹਾਂ ਦਾਅਵਾ ਕੀਤਾ ਕਿ ਸੁਨਾਮ ਬਲਾਕ ਵਿੱਚੋਂ ਵੱਡੇ ਕਾਫਲੇ ਮੋਗਾ ਰੈਲੀ ਵਿੱਚ ਸ਼ਾਮਲ ਹੋਣਗੇ। ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਪੁਲੀਸ ਰਾਜ ਚੱਲ ਰਿਹਾ ਹੈ, ਜਿਹੜੀ ਪਾਰਟੀ ਖੁਦ ਧਰਨਿਆਂ ਵਿੱਚੋਂ ਨਿਕਲੀ ਸੀ ਅੱਜ ਉਹ ਆਮ ਆਦਮੀ ਪਾਰਟੀ ਨੂੰ ਧਰਨਿਆਂ ਤੋਂ ਨਫ਼ਰਤ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਪੁਲੀਸ ਦੀ ਗੁੰਡਾਗਰਦੀ ਬੰਦ ਕੀਤੀ ਜਾਵੇ ਅਤੇ ਲੈਂਡ ਪੂਲਿੰਗ ਨੀਤੀ ਤੁਰੰਤ ਵਾਪਸ ਲਈ ਜਾਵੇ। ਅੱਜ ਦੀ ਮੀਟਿੰਗ ਨੂੰ ਸੂਬਾ ਆਗੂ ਜਨਕ ਸਿੰਘ ਭੁਟਾਲ ਕਲਾਂ ਅਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਵਿਸ਼ੇਸ਼ ਤੌਰ ’ਤੇ ਸੰਬੋਧਨ ਕੀਤਾ ਜਦੋਂ ਕਿ ਇਸ ਮੌਕੇ ਬਲਾਕ ਆਗੂ ਰਾਮ ਸਰਨ ਸਿੰਘ ਉਗਰਾਹਾਂ, ਬਲਾਕ ਆਗੂ ਸੁਖਪਾਲ ਮਾਣਕ ਕਣਕਵਾਲ, ਪਾਲ ਸਿੰਘ ਦੌਲੇਵਾਲ, ਜੀਤ ਸਿੰਘ ਗੰਢੂਆਂ ਹਾਜ਼ਰ ਸਨ।