ਸੰਗਰੂਰ ਜਬਰ ਵਿਰੋਧੀ ਰੈਲੀ ਲਈ ਕਿਸਾਨਾਂ ਵੱਲੋਂ ਲਾਮਬੰਦੀ
ਜਨਤਕ ਜਥੇਬੰਦੀਆਂ ਵੱਲੋਂ ਸੰਗਰੂਰ ਦੀ ਦਾਣਾ ਮੰਡੀ ਵਿੱਚ 25 ਜੁਲਾਈ ਨੂੰ ਕੀਤੀ ਜਾ ਰਹੀ ਸੂਬਾ ਪੱਧਰੀ ਜਬਰ ਵਿਰੋਧੀ ਰੈਲੀ ਦੀਆਂ ਤਿਆਰੀਆਂ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ-ਪਿੰਡ ਲਾਮਬੰਦੀ ਮੁਹਿੰਮ ਜ਼ੋਰਾਂ ’ਤੇ ਹੈ ਅਤੇ ਪਿੰਡ-ਪਿੰਡ ਮੀਟਿੰਗਾਂ ਕਰ ਕੇ ਕਿਸਾਨ-ਮਜ਼ਦੂਰਾਂ ਅਤੇ ਹੋਰ ਵਰਗ ਦੇ ਲੋਕਾਂ ਨੂੰ ਰੈਲੀ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਅੱਜ ਲੌਂਗੋਵਾਲ, ਪਿੰਡ ਰੱਤੋਕੇ, ਤਕੀਪੁਰ ਅਤੇ ਢੱਡਰੀਆਂ ਆਦਿ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਅਤੇ ਕਿਸਾਨ ਆਗੂਆਂ ਨੇ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਦਾ ਸੱਦਾ ਦਿੱਤਾ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜ਼ਿਲ੍ਹਾ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ ਅਤੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਨੇ ਦੱਸਿਆ ਕਿ ਦਿੱਲੀ ਚੋਣਾਂ ਹਾਰਨ ਤੋਂ ਬਾਅਦ ‘ਆਪ’ ਨੇ ਪੰਜਾਬ ਵਿੱਚ ਤਾਨਾਸ਼ਾਹੀ ਰਵੱਈਆ ਅਪਣਾਇਆ ਹੋਇਆ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਪੱਖੀ ਲੈਂਡ ਪੂਲਿੰਗ ਵਰਗੀਆਂ ਨੀਤੀਆਂ ਲਿਆ ਕੇ ਕਿਸਾਨਾਂ ਦੀ ਉਪਜਾਊ ਜ਼ਮੀਨ ਹੜੱਪ ਕੇ ਪੰਜਾਬ ਦੇ ਪਿੰਡਾਂ ਨੂੰ ਉਜਾੜਨ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ। ਇੱਕ ਪਾਸੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਤਿਆਰੀ ਹੈ ਪਰ ਦੂਜੇ ਪਾਸੇ ਲੈਂਡ ਸੀਲਿੰਗ ਐਕਟ ਤੋਂ ਵਾਧੂ ਜ਼ਮੀਨ ਗਰੀਬਾਂ ਤੇ ਬੇਜ਼ਮੀਨੇ ਲੋਕਾਂ ਵਿੱਚ ਵੰਡਣ ਲਈ ਸੰਘਰਸ਼ ਕਰਦੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਤੇ ਕਾਰਕੁਨਾਂ ਨੂੰ ਜੇਲ੍ਹੀਂ ਬੰਦ ਕੀਤਾ ਹੋਇਆ ਹੈ। ਲਹਿਰਾਗਾਗਾ ਨੇੜੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਿਰਭੈ ਸਿੰਘ ਖਾਈ ਉੱਪਰ ਕਥਿਤ ਰੂਪ ਵਿਚ ਸਿਆਸੀ ਸ਼ਹਿ ’ਤੇ ਹੋਏ ਹਮਲੇ ਦੇ ਪ੍ਰਮੁੱਖ ਮੁਲਜ਼ਮਾਂ ਨੂੰ ਹਾਲੇ ਤੱਕ ਪੁਲੀਸ ਵੱਲੋਂ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮੁੱਦਾ 25 ਜੁਲਾਈ ਦੀ ਸੰਗਰੂਰ ਜਬਰ ਵਿਰੋਧੀ ਰੈਲੀ ਵਿੱਚ ਉਠਾਇਆ ਜਾਵੇਗਾ। ਕਿਸਾਨ ਆਗੂਆਂ ਨੇ ਜਬਰ ਵਿਰੋਧੀ ਰੈਲੀ ਵਿਚ ਭਰਵੀਂ ਸ਼ਮੂਲੀਅਤ ਦਾ ਸੱਦਾ ਦਿੰਦਿਆਂ ਦਾਅਵਾ ਕੀਤਾ ਕਿ ਸਰਕਾਰ ਵਲੋਂ ਪੰਜਾਬ ਨੂੰ ਪੁਲੀਸ ਸਟੇਟ ਬਣਾਉਣ ਲਈ ਕੀਤੇ ਜਾ ਰਹੇ ਜਬਰ ਖ਼ਿਲਾਫ਼ ਪੰਜਾਬ ਭਰ ਤੋਂ 25 ਜੁਲਾਈ ਨੂੰ ਲੋਕ ਸੰਗਰੂਰ ਰੈਲੀ ਵਿਚ ਵਹੀਰਾਂ ਘੱਤ ਕੇ ਪੁੱਜਣਗੇ। ਮੀਟਿੰਗਾਂ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਇਕਾਈ ਲੌਂਗੋਵਾਲ ਦੇ ਪ੍ਰਧਾਨ ਹਰਦੇਵ ਸਿੰਘ ਦੁਲਟ, ਨਿੱਕਾ ਸਿੰਘ, ਭੋਲਾ ਸਿੰਘ ਪਨਾਂਚ, ਸਾਹਿਬ ਸਿੰਘ ਤਕੀਪੁਰ, ਸੁਲਤਾਨ ਸਿੰਘ, ਹਰਜਿੰਦਰ ਸਿੰਘ ਰੱਤੋਕੇ, ਬਲਵਿੰਦਰ ਸਿੰਘ ਢੱਡਰੀਆਂ ਨੇ ਵੀ ਸੰਬੋਧਨ ਕੀਤਾ।