ਕਿਸਾਨਾਂ ਵੱਲੋਂ ਜਬਰ ਵਿਰੋਧੀ ਰੈਲੀ ਲਈ ਲਾਮਬੰਦੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਜੁਲਾਈ
ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਪੰਜਾਬ ਵਿਚ ਵੱਧ ਰਹੇ ਪੁਲੀਸ ਜਬਰ ਖ਼ਿਲਾਫ਼ 25 ਜੁਲਾਈ ਨੂੰ ਸੰਗਰੂਰ ਵਿੱਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਇਸ ਜਬਰ ਵਿਰੋਧੀ ਰੈਲੀ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ ਅਤੇ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਸਾਹਿਬ ਢਾਬ ਬਾਬਾ ਆਲਾ ਸਿੰਘ ਲੌਂਗੋਵਾਲ ਵਿੱਚ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ ਦੀ ਅਗਵਾਈ ਹੇਠ ਹੋਈ।
ਮੀਟਿੰਗ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਸਮੇਂ ਤੋਂ ਸਰਕਾਰ ਨੇ ਪੁਲੀਸ ਨੂੰ ਜਬਰ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ। ਆਏ ਦਿਨ ਪੰਜਾਬ ਵਿੱਚ ਵੱਖ ਵੱਖ ਪ੍ਰਾਜੈਕਟਾਂ ਲਈ ਡੰਡੇ ਦੇ ਜ਼ੋਰ ਜ਼ਮੀਨਾਂ ਐਕੁਆਇਰ ਕੀਤੀਆਂ ਜਾ ਰਹੀਆਂ ਹਨ ਅਤੇ ਨਵੀਂ ਲਿਆਂਦੀ ਗਈ ਲੈਂਡ ਪੂਲਿੰਗ ਪਾਲਿਸੀ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਇਨਸਾਫਪਸੰਦ ਲੋਕਾਂ ਨੂੰ ਜਨਤਕ ਜਥੇਬੰਦੀਆਂ ਵੱਲੋਂ 25 ਜੁਲਾਈ ਨੂੰ ਸੰਗਰੂਰ ਵਿੱਚ ਕੀਤੀ ਜਾ ਰਹੀ ਰੈਲੀ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਮੀਟਿੰਗ ਦੌਰਾਨ ਰੈਲੀ ਦੀਆਂ ਤਿਆਰੀਆਂ ਸਬੰਧੀ ਪਿੰਡ ਪਿੰਡ ਮੀਟਿੰਗਾਂ ਰੈਲੀਆਂ ਕਰਕੇ ਲਾਮਬੰਦੀ ਕਰਨ ਦੀ ਵਿਉਂਤਬੰਦੀ ਕੀਤੀ ਗਈ। ਇਸ ਮੌਕੇ ਬਲਾਕ ਆਗੂ ਅਜੈਬ ਸਿੰਘ ਸਾਹੋਕੇ, ਅੰਗਰੇਜ਼ ਸਿੰਘ ਅਤੇ ਸੁਲਤਾਨ ਸਿੰਘ ਰੱਤੋਕੇ, ਸਾਹਿਬ ਸਿੰਘ ਤਕੀਪੁਰ, ਰਾਜਾ ਸਿੰਘ ਜੈਦ, ਭੋਲਾ ਸਿੰਘ ਪਨੈਚ ਤੇ ਹਰਦੇਵ ਸਿੰਘ ਦੁਲਟ ਆਦਿ ਹਾਜ਼ਰ ਸਨ।