ਪੰਜਾਬ ਵਿੱਚ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਫੌਰੀ ਰਾਹਤ, ਪੀੜਤਾਂ ਦੇ ਮੁੜ ਵਸੇਬੇ ਤੇ ਲਸਾੜਾ ਡਰੇਨ ਦੀ ਸਫ਼ਾਈ ਲਈ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ। ਵਫਦ ਵਿੱਚ ਯੂਨੀਅਨ ਦੇ ਜ਼ਿਲ੍ਹਾ ਆਗੂ ਰੁਪਿੰਦਰ ਸਿੰਘ ਚੌਂਦਾ, ਮਾਨ ਸਿੰਘ ਸੱਦੋਪੁਰ, ਬਲਾਕ ਆਗੂ ਸ਼ਮਸ਼ੇਰ ਸਿੰਘ ਆਦਮਵਾਲ, ਲਾਭ ਸਿੰਘ ਨਥੋਹੇੜੀ, ਭਰਪੂਰ ਸਿੰਘ ਫੈਜਗੜ੍ਹ, ਗਰਮੇਲ ਸਿੰਘ ਮਦੇਵੀ, ਨਿਰਮਲ ਸਿੰਘ ਰੁੜਕਾ,ਜਰਨੈਲ ਸਿੰਘ ਚੌਂਦਾ, ਸਾਧੂ ਸਿੰਘ, ਜਗਤਾਰ ਸਿੰਘ ਤੇ ਰਾਜਵਿੰਦਰ ਸਿੰਘ ਆਦਿ ਸ਼ਾਮਲ ਸਨ। ਕਿਸਾਨ ਆਗੂਆਂ ਨੇ ਰਾਵੀ ਅਤੇ ਬਿਆਸ ਦਰਿਆਵਾਂ ਵਿੱਚ ਆਏ ਹੜ੍ਹਾਂ ਕਾਰਨ ਫਸਲਾਂ, ਘਰਾਂ, ਪਸ਼ੂਆਂ ਅਤੇ ਮਸ਼ੀਨਰੀ ਸਮੇਤ ਜਾਨ ਮਾਲ ਦੀ ਵੱਡੀ ਪੱਧਰ ’ਤੇ ਹੋਈ ਤਬਾਹੀ ਦੇ ਹਵਾਲੇ ਨਾਲ ਕਿਹਾ ਕਿ ਹੜ੍ਹਾਂ ਕਾਰਨ ਹੋ ਚੁੱਕੀਆਂ ਸੈਂਕੜੇ ਮੌਤਾਂ, ਲੋਕਾਂ ਦੇ ਢਹਿ ਗਏ ਘਰ ਅਤੇ ਬਰਬਾਦ ਹੋ ਚੁੱਕੀਆਂ ਫਸਲਾਂ ਸਮੇਤ ਸਾਰੀ ਤਬਾਹੀ ਸਰਕਾਰ ਦੀ ਨਲਾਇਕੀ ਕਾਰਨ ਹੋਈ ਹੈ ਜਿਸ ਨੇ ਹੜ੍ਹਾਂ ਦੀ ਪਹਿਲਾਂ ਚਿਤਾਵਨੀ ਦੇ ਬਾਵਜੂਦ ਸਮੇਂ ਸਿਰ ਕੋਈ ਢੁਕਵੇਂ ਪ੍ਰਬੰਧ ਨਹੀਂ ਕੀਤੇ। ਉਨ੍ਹਾਂ ਮੰਗ ਕੀਤੀ ਕਿ ਹੜ੍ਹ ਪੀੜਤਾਂ ਲਈ ਤੁਰੰਤ ਰਾਹਤ ਸਮੱਗਰੀ ਪਹੁੰਚਾਈ ਜਾਵੇ ਅਤੇ ਲੋਕਾਂ ਦੇ ਮੁੜ ਵਸੇਬੇ ਲਈ ਮੁਆਵਜ਼ਾ ਜਾਰੀ ਕੀਤਾ ਜਾਵੇ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਸਹਾਇਕ ਕਮਿਸ਼ਨਰ ਲਵਪ੍ਰੀਤ ਸਿੰਘ ਔਲਖ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਕਿਰਤ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ ਨੇ ਦੱਸਿਆ ਕਿ ਹੜ੍ਹਾਂ ਕਾਰਨ ਪਿਛਲੇ ਦਿਨਾਂ ਵਿੱਚ ਜਿੱਥੇ ਲੱਖਾਂ ਏਕੜ ਫ਼ਸਲ ਤਬਾਹ ਹੋਈ ਹੈ ਉੱਥੇ ਹੀ ਹਜ਼ਾਰਾਂ ਦੁਧਾਰੂ ਪਸ਼ੂ ਅਤੇ ਹਜ਼ਾਰਾਂ ਘਰਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ, ਲੱਖਾਂ ਲੋਕ ਬੇਘਰ ਹੋ ਗਏ ਹਨ।ਅਜਿਹੇ ਸਮੇਂ ਪੰਜਾਬ ਸਰਕਾਰ ਨੂੰ ਫੌਰੀ ਰਾਹਤ ਦੇਣੀ ਚਾਹੀਦੀ ਸੀ। ਪਰ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਮੁਆਵਜੇ ਦਾ ਐਲਾਨ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਇੱਕ ਏਕੜ ਨੂੰ ਇਕਾਈ ਮੰਨ ਕੇ ਪ੍ਰਤੀ ਏਕੜ 50 ਹਜ਼ਾਰ ਰੁਪਏ ਫਸਲਾਂ ਦਾ ਮੁਆਵਜ਼ਾ ਅਤੇ ਦੁਧਾਰੂ ਪਸ਼ੂਆਂ ਦਾ ਇਕ ਲੱਖ ਰੁਪਏ ਅਤੇ ਘਰਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਅਤੇ ਇਸੇ ਤਰ੍ਹਾਂ ਪ੍ਰਤੀ ਮਜ਼ਦੂਰ ਪਰਿਵਾਰ 25 ਹਜਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨ ਆਗੂ ਦਵਿੰਦਰ ਸਿੰਘ ਪੂਨੀਆ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੂੰ ਸੂਬਾ ਕਮੇਟੀ ਦੇ ਪ੍ਰੋਗਰਾਮ ਤਹਿਤ ਹੜ੍ਹ ਪੀੜਤਾਂ ਲਈ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਫ਼ੌਰੀ ਮੁਆਵਜ਼ਾ ਦੇਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਦੇ ਨੁਮਾਇੰਦਾ ਡੀਡੀਪੀਓ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਦਲਜਿੰਦਰ ਸਿੰਘ ਹਰਿਆਊ, ਹਰਵਿੰਦਰ ਸਿੰਘ ਗਿੱਲ, ਜਸਵੀਰ ਸਿੰਘ ਫ਼ਤਿਹਪੁਰ , ਗੁਰਵਿੰਦਰ ਸਿੰਘ ਦੇਧਨਾ, ਰਘਵੀਰ ਸਿੰਘ ਨਿਆਲ, ਕੁਲਬੀਰ ਸਿੰਘ ਟੋਡਰਪੁਰ ਤੇ ਸੁਰਿੰਦਰ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ।