ਕਿਸਾਨਾਂ ਨੇ ਖੇਤੀ ਮੰਡੀ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜੀਆਂ
ਜੋਗਿੰਦਰ ਸਿੰਘ ਮਾਨ
ਮਾਨਸਾ, 13 ਜਨਵਰੀ
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੰਘਰਸ਼ ਦੀ ਹਮਾਇਤ ਵਿੱਚ ਵਜੋਂ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ’ਚ ਲੋਹੜੀ ਸਾਂਝੇ ਇਕੱਠਾਂ ਤਹਿਤ ਖੇਤੀ ਮ ਨੀਤੀ ਦੇ ਖਰੜੇ ਦੀਆਂ ਕਾਪੀਆਂ ਫੂਕੀਆਂ ਗਈਆਂ। ਇਸੇ ਦੌਰਾਨ ਜ਼ਿਲ੍ਹਾ ਕਚਹਿਰੀ ਮਾਨਸਾ ਵਿੱਚ ਖੇਤੀ ਮੰਡੀ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜੀਆਂ ਗਈਆਂ। ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀਬਾੜੀ ਮਾਰਕੀਟਿੰਗ ਅਤੇ ਰਾਸ਼ਟਰੀ ਨੀਤੀ ਫਰੇਮ ਵਰਕ ਕਿਸੇ ਵੀ ਪੱਖ ਤੋਂ ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ, ਦੁਕਾਨਦਾਰਾਂ ਅਤੇ ਮਿਹਨਤਕਸ਼ ਲੋਕਾਂ ਦੇ ਹੱਕ ਵਿੱਚ ਨਹੀਂ ਭੁਗਤਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖੇਤੀਬਾੜੀ ਨਿਰਭਰ ਸੂਬੇ ਪੰਜਾਬ ਨੂੰ ਹੋਰ ਪ੍ਰਫੁੱਲਤ ਕਰਨ ਲਈ ਕੇਂਦਰ ਵੱਲੋਂ ਜਾਰੀ ਨਵੀਂ ਖੇਤੀ ਨੀਤੀ ਮੰਡੀ ਖਰੜਾ ਰੱਦ ਕੀਤਾ ਜਾਵੇ।
ਇਸ ਮੌਕੇ ਰਾਮ ਸਿੰਘ ਭੈਣੀਬਾਘਾ, ਬੋਘ ਸਿੰਘ ਮਾਨਸਾ, ਪਰਮਜੀਤ ਸਿੰਘ ਗਾਗੋਵਾਲ, ਗੁਰਜੰਟ ਸਿੰਘ ਮਾਨਸਾ, ਰੂਪ ਸਿੰਘ ਢਿੱਲੋਂ ਤੇ ਐਡਵੋਕੇਟ ਬਲਵੀਰ ਕੌਰ ਆਦਿ ਨੇ ਸੰਬੋਧਨ ਕੀਤਾ।
ਬਠਿੰਡਾ (ਸ਼ਗਨ ਕਟਾਰੀਆ): ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਇਕੱਠੀਆਂ ਹੋਈਆਂ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਨੇ ਕੇਂਦਰੀ ਖੇਤੀ ਮੰਡੀ ਨੀਤੀ ਦਾ ਖਰੜਾ ਅਗਨ ਭੇਟ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ ਗਿਆ। ਆਗੂਆਂ ਨੇ ਕਿਹਾ ਕਿ ਦਿੱਲੀ ਅੰਦੋਲਨ ਵਕਤ ਰੱਦ ਕਰਵਾਏ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਹੁਣ ਚੋਰ ਦਰਵਾਜ਼ੇ ਰਾਹੀਂ ਲਾਗੂ ਕਰਨ ਜਾ ਰਹੀ ਹੈ, ਜਿਸ ਨੂੰ ਹਰਗਿਜ਼ ਅਮਲ ਵਿੱਚ ਨਹੀਂ ਲਿਆਉਣ ਦਿੱਤਾ ਜਾਵੇਗਾ। ਉਨ੍ਹਾਂ ਕੇਂਦਰ ਸਰਕਾਰ ’ਤੇ ਕਾਰਪੋਰੇਟਾਂ ਦੀ ਚਾਕਰੀ ਕਰਨ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਦੇਸ਼ ਦਾ ਕਿਸਾਨ ਇਸ ਨੀਤੀ ਨੂੰ ਲੈ ਕੇ ‘ਕਰੋ ਜਾਂ ਮਰੋ’ ਦੀ ਲੜਾਈ ਲੜੇਗਾ। ਆਗੂਆਂ ਨੇ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ’ਤੇ ਚਿੰਤਾ ਜਿਤਾਉਂਦਿਆਂ ਕਿਹਾ ਕਿ ਇਸ ਸਥਿਤੀ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ।
ਜੈਤੋ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਵੱਲੋਂ ਅੱਜ ਇੱਥੇ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਨੇੜੇ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਖੇਤੀ ਮੰਡੀ ਦੇ ਖਰੜੇ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਬੁਲਾਰਿਆਂ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਰਾਜਾਂ ਨੂੰ ਭੇਜੇ ਗਏ ਖੇਤੀ ਮੰਡੀ ਦੇ ਖਰੜੇ ਨੂੰ ਲਾਗੂ ਕਰਨ ਨਾਲ ਸਰਕਾਰੀ ਮੰਡੀਆਂ ਅਤੇ ਸਰਕਾਰੀ ਖਰੀਦ ਦਾ ਖਾਤਮਾ ਹੋ ਜਾਵੇਗਾ। ਪ੍ਰਦਰਸ਼ਨ ਮੌਕੇ ਭਾਰਤੀ ਕਿਸਾਨ ਯੂਨੀਅਨ (ਮਾਲਵਾ) ਦੇ ਸੂਬਾ ਪ੍ਰਧਾਨ ਨਛੱਤਰ ਸਿੰਘ ਜੈਤੋ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਮੱਤਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜਗਿੱਲ) ਦੇ ਜ਼ਿਲ੍ਹਾ ਸਕੱਤਰ ਨਾਇਬ ਸਿੰਘ ਢੈਪਈ, ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਰੋੜੀਕਪੂਰਾ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਅਮਰਜੀਤ ਕੌਰ ਚੰਦਭਾਨ ਨੇ ਸੰਬੋਧਨ ਕੀਤਾ।
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਕਿਸਾਨ ਯੂਨੀਅਨਾਂ ਨੇ ਸਾਂਝਾ ਪ੍ਰੋਗਰਾਮ ਕਰਕੇ ਤਹਿਸੀਲ ਕੰਪਲੈਕਸ ਤਲਵੰਡੀ ਸਾਬੋ ਵਿਖੇ ਕੇਂਦਰ ਸਰਕਾਰ ਦੇ ਨਵੇਂ ਖੇਤੀ ਖਰੜੇ ਦੀਆਂ ਕਾਪੀਆਂ ਫੂਕ ਕੇ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਕੱਠ ਨੂੰ ਸਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੂੰਜੀਪਤੀਆਂ ਦੀ ਕੱਠਪੁਤਲੀ ਬਣ ਕੇ ਰਹਿ ਗਈ ਹੈ। ਦਿੱਲੀ ਕਿਸਾਨ ਅੰਦੋਲਨ ਦੌਰਾਨ ਰੱਦ ਕੀਤੇ ਹੋਏ ਤਿੰਨੇ ਕਾਲੇ ਖੇਤੀ ਕਨੂੰਨਾਂ ਨੂੰ ਹੁਣ ਦੁਬਾਰਾ ਟੇਢੇ ਢੰਗ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਇਸ ਮੌਕੇ ਬੀਕੇਯੂ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ, ਬਲਾਕ ਜਨਰਲ ਸਕੱਤਰ ਕਾਲਾ ਚੱਠੇਵਾਲਾ, ਸਰੂਪ ਸਿੰਘ ਰਾਮਾਂ ਸੂਬਾ ਜਨਰਲ ਸਕੱਤਰ ਬੀਕੇਯੂ (ਲੱਖੋਵਾਲ), ਬਲਕਰਨ ਸਿੰਘ ਭਾਗੀਵਾਂਦਰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬੀਕੇਯੂ (ਡਕੌਂਦਾ) ਅਤੇ ਸੁਰਜੀਤ ਸਿੰਘ ਬਲਾਕ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਸੰਬੋਧਨ ਕੀਤਾ।
ਜ਼ੀਰਾ (ਹਰਮੇਸ਼ਪਾਲ ਨੀਲੇਵਾਲਾ): ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ਹੇਠ ਪਿੰਡ ਮੇਹਰ ਸਿੰਘ ਵਾਲਾ, ਫੇਰੋਕੇ, ਅਲੀਪੁਰ, ਲਹੁਕਾ ਖੁਰਦ, ਸੰਤੂਵਾਲਾ, ਫਰੀਦੇਵਾਲਾ ਆਦਿ ਪਿੰਡਾਂ ਵਿੱਚ ਕੇਂਦਰ ਸਰਕਾਰ ਦੀ ਨਵੀਂ ਖੇਤੀ ਮੰਡੀ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜ ਕੇ ਰੋਸ ਜ਼ਾਹਿਰ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਅਵਤਾਰ ਸਿੰਘ ਫੇਰੋਕੇ, ਸੁਖਵਿੰਦਰ ਸਿੰਘ ਅਲੀਪੁਰ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਲੰਮੇ ਸਮੇਂ ਤੋਂ ਐੱਮਐੱਸਪੀ ਕਾਨੂੰਨੀ ਗਾਰੰਟੀ, ਸਵਾਮੀਨਾਥਨ ਦੀ ਰਿਪੋਰਟ ਸਮੇਤ ਬਾਰ੍ਹਾਂ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਹਨ। ਕਿਸਾਨ ਕੜਾਕੇ ਦੀ ਠੰਡ ਵਿੱਚ ਸੜਕਾਂ ’ਤੇ ਰੁਲ ਰਹੇ ਹਨ, ਪਰ ਮੋਦੀ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕ ਰਹੀ।
ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਭਾਕਿਯੂ ਏਕਤਾ ਉਗਰਾਹਾਂ ਦੀ ਡੱਬਵਾਲੀ ਪਿੰਡ ਇਕਾਈ ਵੱਲੋਂ ਅੱਜ ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰਾਂ ਨੂੰ ਭੇਜੇ ਨਵੀਂ ਖੇਤੀਬਾੜੀ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਗਈ। ਸੰਯੁਕਤ ਕਿਸਾਨ ਮੋਰਚਾ ਅਤੇ ਹੋਰਨਾਂ ਕਿਸਾਨ-ਮਜ਼ਦੂਰ ਸੰਗਠਨਾਂ ਵੱਲੋਂ ਦਿੱਤੇ ਗਏ ਸੱਦੇ ਤਹਿਤ ਕੀਤੇ ਵਿਰੋਧ ਪ੍ਰਦਰਸ਼ਨ ਮੌਕੇ ਭਾਜਪਾ ਸਰਕਾਰਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਅਤੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਡੱਬਵਾਲੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਸਾਬਤ ਹੋ ਰਹੀਆਂ ਹਨ। ਜਿਸ ਕਾਰਨ ਖਨੌਰੀ ਸਰਹੱਦ ’ਤੇ ਭੁੱਖ ਹੜਤਾਲ ’ਤੇ ਬੈਠੇ ਕਿਸਾਨ ਆਗੂ ਜਗਦੀਸ਼ ਸਿੰਘ ਡੱਲੇਵਾਲ ਦੀ ਜਾਨ ਦਾਅ ’ਤੇ ਲੱਗ ਹੋਈ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਪੂਰੀ ਖੇਤੀਬਾੜੀ ’ਤੇ ਆਧਾਰਤ ਹੈ। ਬੇਹੱਦ ਮੰਦਭਾਗਾ ਹੈ ਕਿ ਸਰਕਾਰ ਖੇਤੀਬਾੜੀ ਕਿੱਤੇ ਨਾਲ ਸਬੰਧਤ ਕਿਸਾਨਾਂ ਦੀਆਂ ਬੁਨਿਆਦੀ ਮੰਗਾਂ ਵੱਲੋਂ ਅੱਖਾਂ ਬੰਦ ਕਰਕੇ ਬੈਠੀ ਹੈ। ਕਿਸਾਨ ਆਗੂਆਂ ਨੇ ਬਿਜਲੀ ਬਿੱਲ 2020 ਨੂੰ ਰੱਦ ਕਰਨ ਦੀ ਮੰਗ ਕੀਤੀ।
ਨਥਾਣਾ (ਭਗਵਾਨ ਦਾਸ ਗਰਗ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਸਿੱਧੂਪੁਰ ਵੱਲੋ ਖੇਤੀ ਮੰਡੀ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜੀਆਂ ਗਈਆਂ। ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰਾਮਰਤਨ ਸਿੰਘ ਅਤੇ ਜਸਵੰਤ ਸਿੰਘ ਨੇ ਕਿਹਾ ਕਿ ਇੱਕ ਪਾਸੇ ਕਿਸਾਨ ਲੰਬੇ ਸਮੇ ਤੋਂ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਹਨ ਜਦੋਂ ਕਿ ਦੂਜੇ ਪਾਸੇ ਮੋਦੀ ਹਕੂਮਤ ਵੱਲੋ ਰਾਜ ਸਰਕਾਰਾਂ ਨੂੰ ਚਿੱਠੀਆਂ ਭੇਜ ਕੇ ਖੇਤੀ ਜਿਣਸਾਂ ਦੀ ਸਰਕਾਰੀ ਖਰੀਦ ਬੰਦ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਆਗੂਆਂ ਮੰਗ ਕੀਤੀ ਕਿ ਦੇਸ਼ ਵਿਰੋਧੀ ਖੇਤੀ ਮੰਡੀ ਨੀਤੀ ਰੱਦ ਕੀਤੀ ਜਾਵੇੇ।
ਤਪਾ ਮੰਡੀ (ਰੋਹਿਤ ਗੋਇਲ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਤਪਾ ਮੰਡੀ ਵਿੱਚ ਖੇਤੀ ਮੰਡੀ ਖਰੜੇ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਡਕੌਂਦਾ, ਕਾਦੀਆਂ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਸ਼ਾਮਿਲ ਹੋਏ। ਇਸ ਮੌਕੇ ਕਿਸਾਨ ਆਗੂ ਜਰਨੈਲ ਸਿੰਘ, ਦਰਸ਼ਨ ਸਿੰਘ ਅਤੇ ਭੋਲਾ ਸਿੰਘ ਨੇ ਸੰਬੋਧਨ ਕੀਤਾ।
ਦੋਦਾ (ਜਸਵੀਰ ਸਿੰਘ ਭੁੱਲਰ): ਭਾਰਤੀ ਕਿਸਾਨ ਯੂਨੀਅਨ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਭੁੱਟੀਵਾਲਾ ਦੇ ਆਗੂਆਂ ਵੱਲੋਂ ਆਗੂ ਗਿਆਨ ਸਿੰਘ ਢਿੱਲੋਂ ਅਤੇ ਮਜ਼ਦੂਰ ਆਗੂ ਬਾਜ ਸਿੰਘ ਭੁੱਟੀਵਾਲਾ ਦੀ ਅਗਵਾਈ ਹੇਠ ਇਕੱਠੇ ਹੋ ਕੇ ਕੇਂਦਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ।