ਬਾਰਡਰਾਂ ਤੋਂ ਮੋਰਚੇ ਚੁੱਕਣ ਵਿਰੁੱਧ ਧਰਨਿਆਂ ’ਤੇ ਡਟੇ ਕਿਸਾਨ ਗ੍ਰਿਫ਼ਤਾਰ
ਕੌਮੀ ਮਾਰਗਾਂ ’ਤੇ ਆਵਾਜਾਈ ਰੋਕੀ; ਪੰਜਾਬ ਸਰਕਾਰ ਦੇ ਪੁਤਲੇ ਫੂਕੇ; ਪੁਲੀਸ ਦੀ ਦੁਰਵਰਤੋਂ ਦੇ ਦੋਸ਼
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 20 ਮਾਰਚ
ਸ਼ੰਭੂ ਅਤੇ ਖਨੌਰੀ ਬਾਰਡਰਾਂ ਤੋਂ ਪੰਜਾਬ ਪੁਲੀਸ ਵੱਲੋਂ ਮੋਰਚੇ ਚੁੱਕਣ ਦਾ ਵਿਰੋਧ ਕਰਦਿਆਂ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਧਰਨਾ ਦਿੱਤਾ। ਇਸੇ ਦੌਰਾਨ ਪੁਲੀਸ ਨੇ ਧਰਨਾ ਦਿੰਦੇ 23 ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਜਾਮ ਖੁੱਲ੍ਹਵਾ ਦਿੱਤਾ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਆਗੂ ਹਰਜੀਤ ਸਿੰਘ ਫਤਿਹਗੜ੍ਹ ਭਾਦਸੋਂ, ਗੁਰਬਖਸ਼ੀਸ਼ ਸਿੰਘ ਬਾਲਦ, ਕਸ਼ਮੀਰ ਸਿੰਘ ਕਾਕੜਾ, ਬਲਜੀਤ ਸਿੰਘ ਜੌਲੀਆਂ ਅਤੇ ਸੁਖਵੀਰ ਸਿੰਘ ਰਾਮਪੁਰਾ ਨੇ ਕਿਹਾ ਕਿ ਕਿਸਾਨੀ ਮੰਗਾਂ ਮੰਨਵਾਉਣ ਲਈ ਕੇਂਦਰ ਸਰਕਾਰ ਨਾਲ ਮੀਟਿੰਗ ਕਰਨ ਉਪਰੰਤ ਵਾਪਸ ਆਉਣ ਸਮੇਂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਸਮੇਤ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਇਕ ਸਾਲ ਤੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਸ਼ਾਂਤਮਈ ਢੰਗ ਨਾਲ ਮੋਰਚੇ ’ਤੇ ਡਟੇ ਕਿਸਾਨਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਭਾਰੀ ਗਿਣਤੀ ਵਿੱਚ ਪੁਲੀਸ ਫੋਰਸ ਵੱਲੋਂ ਧੱਕੇ ਨਾਲ ਖਦੇੜ ਦਿੱਤਾ ਗਿਆ। ਸੈਂਕੜੇ ਕਿਸ਼ਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕੀਮਤੀ ਸਾਮਾਨ ਦੀ ਭੰਨਤੋੜ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਮਿਲੀਭੁਗਤ ਨਾਲ ਭਗਵੰਤ ਮਾਨ ਸਰਕਾਰ ਵੱਲੋਂ ਜਬਰ ਕੀਤਾ ਗਿਆ ਹੈ, ਜਿਸ ਦਾ ਖਮਿਆਜ਼ਾ ਭੁਗਤਣਾ ਪਵੇਗਾ।
ਇਸੇ ਦੌਰਾਨ ਪੁਲੀਸ ਵੱਲੋਂ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਬਾਲੀਆਂ ਥਾਣੇ ਭੇਜ ਦਿੱਤਾ।
ਇਸ ਦੌਰਾਨ ਡੀਐੱਸਪੀ ਭਵਾਨੀਗੜ੍ਹ ਰਾਹੁਲ ਕੌਸ਼ਲ ਅਤੇ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਟਰੈਫਿਕ ਜਾਮ ਹੋਣ ਨਾਲ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਾਰਵਾਈ ਕੀਤੀ ਗਈ ਹੈ।
ਮੂਨਕ (ਕਰਮਵੀਰ ਸਿੰਘ ਸੈਣੀ): ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਮੂਨਕ ਨੇੜਲੇ ਪਿੰਡ ਸਲੇਮਗੜ੍ਹ ਵਿੱਚ ਬੁਢਲਾਡਾ-ਪਟਿਆਲਾ ਮਾਰਗ ’ਤੇ ਧਰਨਾ ਦੇ ਕੇ ਸੜਕ ਨੂੰ ਜਾਮ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਅੰਦੋਲਨ ਦੌਰਾਨ ਕੇਂਦਰੀ ਮੰਤਰੀਆਂ ਨਾਲ ਬੀਤੇ ਦਿਨ ਅੱਠਵੇਂ ਗੇੜ ਦੀ ਮੀਟਿੰਗ ਚੰਡੀਗੜ੍ਹ ਵਿੱਚ ਹੋਈ ਅਤੇ ਅਗਲੀ ਮੀਟਿੰਗ 4 ਮਈ ਦੀ ਤੈਅ ਹੋਈ ਸੀ। ਮੀਟਿੰਗ ਸਮਾਪਤੀ ਤੋਂ ਬਾਅਦ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿ ਕਿਸਾਨਾਂ ਦੇ ਸੰਘਰਸ਼ ਨੂੰ ਡੰਡੇ ਦੇ ਜ਼ੋਰ ਨਾਲ ਖਤਮ ਕਰ ਦੇਣ ਦਾ ਪੰਜਾਬ ਸਰਕਾਰ ਵੱਲੋਂ ਪਾਲਿਆ ਵਹਿਮ ਆਉਣ ਵਾਲੇ ਦਿਨਾਂ ਵਿੱਚ ਦੂਰ ਕੀਤਾ ਜਾਵੇਗਾ। ਪੰਜਾਬ ਇਸ ਮੌਕੇ ਤਰਸੇਮ ਸਿੰਘ, ਨਿਰਭੈ ਸਿੰਘ ਕਲਰ ਭੈਣੀ, ਭੀਮ ਸਿੰਘ ਜਲੂਰ, ਮਨਿੰਦਰ ਸਿੰਘ ਲਦਾਲ, ਹਰਦੇਵ ਸਿੰਘ ਤੋਂ ਇਲਾਵਾ ਸੈਂਕੜੇ ਕਿਸਾਨ ਹਾਜ਼ਰ ਸਨ। ਜਾਣਕਾਰੀ ਅਨੁਸਾਰ ਬੁਢਲਾਡਾ-ਪਟਿਆਲਾ ਰੋਡ ਜਾਮ ਕਰਨ ਦੀ ਭਿਣਕ ਜਿਉਂ ਹੀ ਪੁਲੀਸ ਪ੍ਰਸ਼ਾਸਨ ਨੂੰ ਪਈ ਤਾਂ ਕਰੀਬ ਡੇਢ ਘੰਟੇ ਤੋਂ ਚੱਲ ਰਹੇ ਧਰਨੇ ਵਿੱਚ ਪੁਲੀਸ ਫੋਰਸ ਨਾਲ ਪਹੁੰਚੇ ਸੀਆਈਏ ਸੰਗਰੂਰ ਦੇ ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਨੇ ਰਸਤਾ ਖਾਲੀ ਕਰਨ ਨੂੰ ਲੈ ਕੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਪਰ ਕਿਸਾਨ ਆਗੂਆਂ ਵੱਲੋਂ ਜਗਜੀਤ ਸਿੰਘ ਡਲੇਵਾਲ ਸਮੇਤ ਗ੍ਰਿਫਤਾਰ ਕੀਤੇ ਸੈਂਕੜੇ ਕਿਸਾਨ ਆਗੂਆਂ ਨੂੰ ਰਿਹਾਅ ਕਰਨ ਤੱਕ ਧਰਨਾ ਜਾਰੀ ਰੱਖਣ ਦੀ ਗੱਲ ਕਹਿਣ ’ਤੇ ਹੋਰ ਪੁਲੀਸ ਫੋਰਸ ਮੰਗਵਾ ਕੇ 100 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਧਰਨੇ ਚੁੱਕਵਾ ਦਿੱਤਾ ਅਤੇ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਬੱਸਾਂ ਵਿੱਚ ਭਰ ਕੇ ਖਨੌਰੀ ਲੈ ਗਏ। ਇੰਸਪੈਕਟਰ ਸੰਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਅਮਨ ਅਤੇ ਕਾਨੂੰਨ ਦੀ ਸਥਿਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫ਼ੂਕਦਿਆਂ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਪੁਲੀਸ ਕਾਰਵਾਈ ਨੂੰ ਲੋਕਤੰਤਰ ਦਾ ਘਾਣ ਕਰਾਰ ਦਿੰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਵਲੋਂ ਪਿੰਡ ਲੌਂਗੋਵਾਲ, ਉਭਾਵਾਲ, ਢੱਡਰੀਆਂ ਅਤੇ ਹੋਰ ਵੱਖ-ਵੱਖ ਪਿੰਡਾਂ ਵਿਚ ਸਰਕਾਰ ਦੇ ਪੁਤਲੇ ਫ਼ੂਕਦਿਆਂ ਰੋਸ ਪ੍ਰਦਰਸ਼ਨ ਕੀਤੇ ਗਏ। ਰੋਸ ਪ੍ਰਦਰਸ਼ਨਾਂ ਦੀ ਅਗਵਾਈ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜ਼ਿਲ੍ਹਾ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ, ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁਨਰਾਂ, ਜ਼ਿਲ੍ਹਾ ਆਗੂ ਸੁਖਦੇਵ ਸਿੰਘ ਉੱਭਾਵਾਲ ਤੇ ਕਰਮਜੀਤ ਸਿੰਘ ਸਤੀਪੁਰਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕੇਂਦਰ ਦੀ ਹੱਥਠੋਕਾ ਬਣ ਕੇ ਕਾਰਪੋਰੇਟ ਪੱਖੀ ਫੈਸਲਿਆਂ ਨੂੰ ਲਾਗੂ ਕਰਨ ਲਈ ਕਿਸਾਨ ਲਹਿਰ ’ਤੇ ਗਿਣੀ ਮਿੱਥੀ ਸਾਜਿਸ਼ ਅਧੀਨ ਤਸ਼ੱਦਦ ਕਰ ਰਹੀ ਹੈ। ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ 26 ਮਾਰਚ ਨੂੰ ਵੱਡੀ ਗਿਣਤੀ ਕਿਸਾਨ ਚੰਡੀਗੜ੍ਹ ਵੱਲ ਕੂਚ ਕਰਨਗੇ।
ਸ਼ੇਰਪੁਰ (ਬੀਰਬਲ ਰਿਸ਼ੀ): ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਨੇ ਸ਼ੇਰਪੁਰ ਨੇੜਲੇ ਪਿੰਡ ਰਾਮਨਗਰ ਛੰਨਾ ਵਿੱਚ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਤੇ ਜ਼ੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ ਨੇ ਕੇਂਦਰ ਦੀ ਬੀਜੇਪੀ ਤੇ ਪੰਜਾਬ ਦੀ ਆਪ ਸਰਕਾਰ ਨੂੰ ਇੱਕੋ ਸਿੱਕੇ ਦੇ ਦੋ ਪਹਿਲੂ ਦਸਦਿਆਂ ਦੋਸ਼ ਲਾਇਆ ਕਿ ਜਿਸ ਤਰ੍ਹਾਂ ਕਿਸਾਨਾਂ ਨੂੰ ਮੀਟਿੰਗ ਵਿੱਚ ਬੁਲਾਕੇ ਗ੍ਰਿਫ਼ਤਾਰੀ ਪਾਈ ਗਈ ਇਹ ਨਿੰਦਣਯੋਗ ਕਾਰਵਾਈ ਹੈ। ਇਸ ਮੌਕੇ ਕਿਸਾਨ ਆਗੂ ਰਣਜੀਤ ਸਿੰਘ ਖਹਿਰਾ, ਗਗਨਦੀਪ ਸਿੰਘ, ਜੈਦੀਪ ਸਿੰਘ, ਇਕਬਾਲ ਸਿੰਘ, ਕੇਵਲ ਸਿੰਘ ਭੱਠਲ ਅਤੇ ਜਗਤਾਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਇਕੱਤਰ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦਾ ਹਿਤੈਸ਼ੀ ਹੋਣ ਦਾ ਦਮ ਭਰਦਾ ਸੀ ਹੁਣ ਮੰਗਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰਦੇ ਕਿਸਾਨਾਂ ਉੱਤੇ ਜਬਰੀ ਕਾਰਵਾਈ ਕਰਕੇ ਕਿਸਾਨ ਹਿਤੈਸ਼ੀ ਹੋਣ ਦਾ ਮਖੌਟਾ ਉਤਾਰ ਕੇ ਰੱਖ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਪੁਲੀਸ ਵੱਲੋਂ ਕੀਤੇ ਗਏ ਜਬਰ ਦੌਰਾਨ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ। ਇਸ ਦੌਰਾਨ ਖਨੌਰੀ ਬਾਰਡਰ ’ਤੇ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਬੀਕੇਯੂ ਏਕਤਾ ਉਗਰਾਹਾਂ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨਾਂ ਵੱਲੋਂ ਸਥਾਨਕ ਟਰੱਕ ਯੂਨੀਅਨ ਚੌਕ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੜੀ, ਨਿਰਮਲ ਸਿੰਘ ਅਲੀਪੁਰ, ਰਵਿੰਦਰ ਸਿੰਘ ਕਾਸਮਪੁਰ, ਸਰਬਜੀਤ ਸਿੰਘ ਭੁਰਥਲਾ, ਰਜਿੰਦਰ ਸਿੰਘ ਭੋਗੀਵਾਲ, ਸਤਿਨਾਮ ਸਿੰਘ, ਜਗਤਾਰ ਸਿੰਘ ਸਰੌਦ, ਮਹਿੰਦਰ ਸਿੰਘ ਭੁਰਥਲਾ ਅਤੇ ਕਰਨੈਲ ਸਿੰਘ ਭੂਦਨ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਨਾਅਰੇਬਾਜ਼ੀ ਕੀਤੀ।