ਕਿਸਾਨਾਂ ਵੱਲੋਂ ਪੁਲੀਸ ਜਬਰ ਖ਼ਿਲਾਫ਼ ਰੈਲੀ ਦਾ ਐਲਾਨ
ਗੁਰਦੀਪ ਸਿੰਘ ਲਾਲੀ
ਸੰਗਰੂਰ, 10 ਜੁਲਾਈ
ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਅਤੇ ਇਨਸਾਫ਼ ਪਸੰਦ ਜਥੇਬੰਦੀਆਂ ਵੱਲੋਂ ਪੁਲੀਸ ਜਬਰ ਦੇ ਖ਼ਿਲਾਫ਼ 13 ਜੁਲਾਈ ਨੂੰ ਤਪਾ ਵਿੱਚ ਵੱਡਾ ਇਕੱਠ ਕਰ ਕੇ ਰੋਸ ਰੈਲੀ ਕਰਨ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੇ ਹੱਕ ਵਿੱਚ 4 ਅਗਸਤ ਨੂੰ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਅਤੇ 25 ਅਗਸਤ ਨੂੰ ਨਵੀਂ ਦਿੱਲੀ ਵਿਚ ਇੱਕ ਰੋਜ਼ਾ ਕਿਸਾਨ ਰੈਲੀ ਕਰਨ ਦਾ ਐਲਾਨ ਕੀਤਾ ਗਿਆ। 13 ਜੁਲਾਈ ਦੀ ਤਪਾ ਰੈਲੀ ਦੀਆਂ ਤਿਆਰੀਆਂ ਦੇ ਸਬੰਧ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਇੱਥੇ ਗੁਰਦੁਆਰਾ ਨਾਨਕਿਆਣਾ ਸਾਹਿਬ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਜ਼ਿਲ੍ਹਾ, ਬਲਾਕਾਂ ਤੇ ਪਿੰਡ ਇਕਾਈਆਂ ਦੇ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ । ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਅਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ ਨੇ ਦੱਸਿਆ ਕਿ ਮੀਟਿੰਗ ’ਚ ਐੱਮਐੱਸਪੀ ਗਰੰਟੀ ਕਾਨੂੰਨ ਸਮੇਤ 12 ਹੋਰ ਮੰਗਾਂ, ਖਨੌਰੀ ਅਤੇ ਸ਼ੰਭੂ ਬਾਰਡਰਾਂ ’ਤੇ ਚੱਲੇ ਸੰਘਰਸ਼, ਲੈਂਡ ਪੂਲਿੰਗ ਪਾਲਿਸੀ ਅਤੇ ਪੰਜਾਬ ਪੁਲੀਸ ਵੱਲੋਂ ਢਾਹੇ ਜਾ ਰਹੇ ਜਬਰ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਸਰਕਾਰ ’ਤੇ ਪੁਲੀਸ ਰਾਹੀਂ ਜਬਰ ਤੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੇ ਦੋਸ਼ ਲਾਏ ਗਏ। ਮੀਟਿੰਗ ਵਿੱਚ ਬਲਾਕ ਪ੍ਰਧਾਨਾਂ ’ਚ ਕੇਵਲ ਸਿੰਘ ਜਵੰਧਾ ਸੁਨਾਮ, ਸੁਖਚੈਨ ਸਿੰਘ ਸ਼ਾਦੀਹਰੀ ਦਿੜ੍ਹਬਾ, ਭੂਰਾ ਸਿੰਘ ਸਲੇਮਗੜ੍ਹ ਲਹਿਰਾ, ਜੀਤ ਸਿੰਘ ਭਲਵਾਨ ਤੇ ਸੁਰਜੀਤ ਜਨਾਲ ਆਦਿ ਹਾਜ਼ਰ ਸਨ।