ਪਿੰਡ ਲਲੌਛੀ ਤੇ ਨਵੀਂ ਲਲੌਛੀ ਵਿੱਚ ਗੁਰੂ ਤੇਗ ਬਹਾਦਰ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਹਾਨ ਵਿਦਵਾਨ, ਕਥਾਵਾਚਕਾਂ ਤੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਪਹੁੰਚ ਕੇ ਸੰਗਤ ਨੂੰ ਗੁਰੂ ਸਾਹਿਬ ਦੇ ਇਤਿਹਾਸ ਨਾਲ ਜੋੜਿਆ।
ਸਮਾਗਮ ਦੌਰਾਨ ਹਲਕਾ ਵਿਧਾਇਕ ਚੇਤਨ ਸਿੰਘ ਜੌੜਮਾਜਰਾ, ਐੱਸ ਡੀ ਐੱਮ ਹਰਜੋਤ ਕੌਰ ਮਾਵੀ ਤੇ ਬੀ ਡੀ ਪੀ ਓ ਸੁਖਵਿੰਦਰ ਸਿੰਘ ਟਿਵਾਣਾ ਗੁਰੂ ਘਰ ਨਤਮਸਤਕ ਹੋਏ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਧਨੌਲਾ, ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਸਣੇ ਭਾਈ ਗੁਰਜਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ। ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡ ਲਲੌਛੀ ਵਿੱਚ ਵੀ ਇਹ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ 21 ਨਵੰਬਰ ਨੂੰ ਸ੍ਰੀ ਦਮਦਮਾ ਸਾਹਿਬ ਤੋਂ ਪਟਿਆਲਾ ਪੁੱਜ ਰਹੇ ਨਗਰ ਕੀਰਤਨ ਦੇ ਸਵਾਗਤ ਲਈ ਸੰਗਤ ਵਿੱਚ ਬਹੁਤ ਉਤਸ਼ਾਹ ਹੈ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਇਤਿਹਾਸਕ ਗੁਰਦੁਆਰਾ ਸਾਹਿਬ ਪਿੰਡ ਬੁਧਮੋਰ ਵਿੱਚ ਕਰਵਾਇਆ ਗਿਆ। ਸੁਖਮਨੀ ਸਾਹਿਬ ਦੇ ਭੋਗ ਉਪਰੰਤ ਰਾਗੀ ਸਿੰਘਾਂ ਭਾਈ ਹਰਪ੍ਰੀਤ ਸਿੰਘ ਪਟਿਆਲਾ ਵਾਲੇ, ਭਾਈ ਸੁਖਵਿੰਦਰ ਸਿੰਘ ਹਜ਼ੂਰੀ ਰਾਗੀ ਗੁੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਅਤੇ ਭਾਈ ਗੁਰਲਾਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਰਤਨ ਕੀਤਾ। ਭਾਈ ਗੁਰਬਖਸ਼ ਸਿੰਘ ਜੋਧਪੁਰ ਵਾਲਿਆਂ ਵੱਲੋਂ ਕਥਾ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਚੇਅਰਮੈਨ ਪੀ ਆਰ ਟੀ ਸੀ ਹਲਕਾ ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਗੁਰੂ ਤੇਗ ਬਹਾਦਰ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਬਾਬਾ ਦਲੇਰ ਸਿੰਘ ਕਾਰ ਸੇਵਾ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਨੇ ਸਨਮਾਨ ਕੀਤਾ।
ਗੁਰਦੁਆਰਾ ਹਾਅ ਦਾ ਨਾਅਰਾ ’ਚ ਕਵੀ ਦਰਬਾਰ
ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਗੁਰਦੁਆਰਾ ਹਾਅ ਦਾ ਨਾਅਰਾ ਮਾਲੇਰਕੋਟਲਾ ਵਿੱਚ ਗੁਰੂ ਤੇਗ ਬਹਾਦਰ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੇ 350 ਸਾਲਾ ਸ਼ਹੀਦੀ ਦਿਹਾੜੇ ਅਤੇ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਗੁਰਗੱਦੀ ਦਿਵਸ ਨੂੰ ਸਮਰਪਿਤ ਪਹਿਲਾ ਧਾਰਮਿਕ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਡਾ. ਹਰੀ ਸਿੰਘ ਜਾਚਕ ਲੁਧਿਆਣਾ, ਰਛਪਾਲ ਸਿੰਘ ਪਾਲ ਜਲੰਧਰ, ਬਲਵੀਰ ਸਿੰਘ ਬੱਲ ਮੋਰਿੰਡਾ ਅਤੇ ਜ਼ਮੀਰ ਅਲੀ ਜ਼ਮੀਰ ਮਾਲੇਰਕੋਟਲਾ ਨੇ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਗੁਰਦੁਆਰਾ ਹਾਅ ਦਾ ਨਾਅਰਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸਾਬਕਾ ਸੂਚਨਾ ਕਮਿਸ਼ਨਰ ਜਥੇਦਾਰ ਅਜੀਤ ਸਿੰਘ ਚੰਦੂਰਾਈਆਂ ਦੀ ਅਗਵਾਈ ਹੇਠ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਬਹਾਦਰ ਸਿੰਘ, ਹੈਡ ਗਰੰਥੀ ਗਿਆਨੀ ਨਰਿੰਦਰਪਾਲ ਸਿੰਘ, ਭਾਈ ਜਰਨੈਲ ਸਿੰਘ ਮੰਨਵੀ, ਹਰਿੰਦਰ ਸਿੰਘ ਢੀਂਡਸਾ, ਡਾ. ਹਰਮੇਲ ਸਿੰਘ ਅਤੇ ਮਾਸਟਰ ਪਿਆਰਾ ਸਿੰਘ ਨੇ ਪੰਥਕ ਕਵੀਆਂ ਦਾ ਸਨਮਾਨ ਕੀਤਾ। ਹੈੱਡ ਗ੍ਰੰਥੀ ਗਿਆਨੀ ਨਰਿੰਦਰ ਪਾਲ ਸਿੰਘ ਨੇ 30 ਨਵੰਬਰ ਨੂੰ ਗੁਰਦੁਆਰਾ ਹਾਅ ਦਾ ਨਾਅਰਾ ਮਾਲੇਰਕੋਟਲਾ ਵਿਖੇ ਸਮਾਗਮ ’ਚ ਸ਼ਿਰਕਤ ਕਰਨ ਦੀ ਅਪੀਲ ਕੀਤੀ।

