ਸਾਹੀ ਸ਼ਹਿਰ ਪਟਿਆਲਾ ਨੂੰ ਨਾਜਾਇਜ਼ ਕਬਜਿਆਂ ਦੀ ਭਰਮਾਰ ਤੋਂ ਮੁਕਤ ਕਰਨ ਤੇ ਸਾਫ਼-ਸੁਥਰਾ ਬਣਾਉਣ ਲਈ ਨਗਰ ਨਿਗਮ ਵੱਲੋਂ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਲੈਂਡ ਸ਼ਾਖਾ ਦੀ ਟੀਮ ਵਲੋਂ ਕਾਰਵਾਈ ਜਾਰੀ ਹੈ। ਇਸ ਦੌਰਾਨ ਰੇਲਵੇ ਸਟੇਸ਼ਨ ਅੱਗੇ ਪੁਲ ਹੇਠਾਂ, ਗੁਰਬਖਸ਼ ਕਲੋਨੀ, ਰਾਜਪੁਰਾ ਕਲੋਨੀ, ਪੁਰਾਣੇ ਬੱਸ ਅੱਡੇ ਨਾਲ ਲੱਗਦੇ ਇਲਾਕੇ, ਤ੍ਰਿਪੜੀ ਬਾਜ਼ਾਰ, ਧਰਮਪੁਰਾ ਬਾਜ਼ਾਰ ਅਤੇ ਓਲਡ ਲਾਲ ਬਾਗ਼ ਇਲਾਕੇ ਵਿੱਚ ਕਬਜ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ।
ਇਸ ਟੀਮ ਦੀ ਅਗਵਾਈ ਕਰਦਿਆਂ ਇੰਸਪੈਕਟਰ ਵਿਸ਼ਾਲ ਵਰਮਾ ਨੇ ਕਿਹਾ ਕਿ ਨਿਗਮ ਟੀਮ ਨੇ ਸੜਕਾਂ ਅਤੇ ਫੁਟਪਾਥਾਂ ’ਤੇ ਰੱਖਿਆ ਸਾਮਾਨ ਜ਼ਬਤ ਕੀਤਾ ਅਤੇ ਕਈ ਦੁਕਾਨਦਾਰਾਂ ਨੂੰ ਮੌਕੇ ’ਤੇ ਹੀ ਚਿਤਾਵਨੀ ਦਿੱਤੀ ਕਿ ਜੇਕਰ ਉਹ ਦੁਬਾਰਾ ਸੜਕਾਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਟੀਮ ਨੇ ਸਪਸ਼ਟ ਕੀਤਾ ਕਿ ਸੜਕਾਂ ਅਤੇ ਫੁਟਪਾਥ ਆਮ ਜਨਤਾ ਦੀ ਆਵਾਜਾਈ ਲਈ ਹਨ, ਨਾ ਕਿ ਵਪਾਰਕ ਉਦੇਸ਼ਾਂ ਲਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਟਰੈਫਿਕ ਪ੍ਰਬੰਧ ਅਤੇ ਸਫ਼ਾਈ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਕਬਜ਼ਿਆਂ ਦਾ ਹਟਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਨਿਯਮਾਂ ਦੀ ਪਾਲਣਾ ਕਰਨਗੇ, ਤਾਂ ਪਟਿਆਲਾ ਸ਼ਹਿਰ ਹੋਰ ਵੀ ਸੁੰਦਰ ਅਤੇ ਸਾਫ਼-ਸੁਥਰਾ ਬਣੇਗਾ। ਉਨ੍ਹਾਂ ਨਿਗਮ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਹਿਯੋਗ ਦੇਣ ਤੇ ਸੜਕਾਂ ਜਾਂ ਜਨਤਕ ਥਾਵਾਂ ’ਤੇ ਕੋਈ ਸਾਮਾਨ ਨਾ ਰੱਖਣ। ਸ਼ਹਿਰ ਵਾਸੀਆਂ ਵੱਲੋਂ ਨਿਗਮ ਦੀ ਇਸ ਕਾਰਵਾਈ ਦਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਨਾਲ ਪਟਿਆਲਾ ਵਿੱਚ ਆਵਾਜਾਈ ਸੁਵਿਧਾ ਅਤੇ ਸਫ਼ਾਈ ਪ੍ਰਣਾਲੀ ਵਿੱਚ ਵੱਡਾ ਸੁਧਾਰ ਆਵੇਗਾ।

