ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਚਿੱਪ ਵਾਲੇ ਮੀਟਰ ਲਾਉਣ ਆਏ ਮੁਲਾਜ਼ਮ ‘ਬੇਰੰਗ’ ਮੁੜੇ

ਕਿਸਾਨ ਜਥੇਬੰਦੀ ਤੇ ਲੋਕਾਂ ਵੱਲੋਂ ਕੀਤਾ ਗਿਆ ਜਬਰਦਸਤ ਵਿਰੋਧ
Advertisement

ਗੁਰਨਾਮ ਸਿੰਘ ਚੌਹਾਨ

ਖਨੌਰੀ, 23 ਜੂਨ

Advertisement

ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਨੇ ਪਾਵਰਕੌਮ ਵੱਲੋਂ ਖਨੌਰੀ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਵਿੱਚ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਜਬਰੀ ਚਿੱਪ ਵਾਲੇ ਮੀਟਰ ਲਾਉਣ ਵਿਰੁੱਧ ਨਾਅਰੇਬਾਜ਼ੀ ਕੀਤੀ। ਜਥੇਬੰਦੀ ਅਤੇ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਬਿਜਲੀ ਮੁਲਾਜ਼ਮਾਂ ਨੂੰ ਵਾਪਸ ਪਰਤਣਾ ਪਿਆ। ਖਨੌਰੀ ਇਕਾਈ ਦੇ ਪ੍ਰਧਾਨ ਜਗਪਾਲ ਸਿੰਘ ਬਹਿਣੀਵਾਲ, ਬਲਾਕ ਆਗੂ ਬੱਬੂ ਚੱਠਾ, ਪਿੰਡ ਠਸਕਾ ਦੀ ਇਕਾਈ ਦੇ ਪ੍ਰਧਾਨ ਤਜਿੰਦਰਪਾਲ ਸਿੰਘ ਅਤੇ ਪਿੰਡ ਚੱਠਾ ਗੋਬਿੰਦ ਪੁਰਾ ਤੋਂ ਕਿਸਾਨ ਆਗੂ ਸੁਖਚੈਨ ਸਿੰਘ ਨੇ ਦੱਸਿਆ ਕਿ ਚਿੱਪ ਵਾਲੇ ਮੀਟਰਾਂ ਦਾ ਉਨ੍ਹਾਂ ਦੀ ਜਥੇਬੰਦੀ ਸ਼ੁਰੂ ਤੋਂ ਵਿਰੋਧ ਕਰ ਰਹੀ ਹੈ। ਜੇ ਕੋਈ ਖਪਤਕਾਰ ਅਪਣੀ ਮਰਜ਼ੀ ਨਾਲ ਮੀਟਰ ਲਗਵਾਉਣਾ ਚਾਹੁੰਦਾ ਹੈ ਤਾਂ ਜਥੇਬੰਦੀ ਇਸ ਦਾ ਕੋਈ ਵਿਰੋਧ ਨਹੀਂ ਕਰਦੀ। ਜੇ ਬਿਨਾਂ ਵਜਾ ਪਾਵਰਕੌਮ ਕਰਮਚਾਰੀ ਮੀਟਰ ਬਦਲਦੇ ਹਨ ਤਾਂ ਉਨ੍ਹਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਕਿਉਂਕਿ ਇਹ ਮੀਟਰ ਕਾਰਪੋਰੇਟ ਪੱਖੀ ਹਨ। ਉਨ੍ਹਾਂ ਕਿਹਾ ਕਿ ਜੇ ਅਦਾਰਾ ਪ੍ਰਾਈਵੇਟ ਕੰਪਨੀਆਂ ਕੋਲ ਚਲਾ ਜਾਂਦਾ ਹੈ ਤਾਂ ਆਮ ਲੋਕਾਂ ਨੂੰ ਸਸਤੀ ਬਿਜਲੀ ਮਿਲਣੀ ਬੰਦ ਹੋਣ ਨਾਲ ਬੇਰੁਜ਼ਗਾਰੀ ਵਿੱਚ ਵੀ ਵੱਡੇ ਪੱਧਰ ’ਤੇ ਵਿਰੋਧ ਕੀਤਾ ਜਾਵੇਗਾ। ਪਾਵਰਕੌਮ ਦੇ ਮੁਲਾਜ਼ਮ ਖਨੌਰੀ ਉਪ ਤਹਿਸੀਲ ਦੇ ਨੇੜੇ ਜਦੋਂ ਖਪਤਕਾਰਾਂ ਦੀ ਸਹਿਮਤੀ ਤੋਂ ਬਗੈਰ ਚਿੱਪ ਵਾਲੇ ਸਮਾਰਟ ਮੀਟਰ ਲਗਾਉਣ ਲਈ ਪਹੁੰਚੇ ਤਾਂ ਜਥੇਬੰਦੀ ਦੇ ਆਗੂਆਂ ਮੌਕੇ ਪਹੁੰਚ ਕੇ ਮੁਲਾਜ਼ਮਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਿਰੋਧ ਦੇ ਚੱਲਦਿਆਂ ਪਾਵਰਕੌਮ ਦੇ ਅਧਿਕਾਰੀ ਤੇ ਕਰਮਚਾਰੀ ਮੀਟਰ ਲਾਏ ਬਗੈਰ ਵਾਪਸ ਮੁੜ ਗਏ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅੱਗੇ ਤੋਂ ਵੀ ਐੱਸਡੀਓ ਖਨੌਰੀ ਦਾ ਲੋਕਾਂ ਪ੍ਰਤੀ ਰਵੱਈਆ ਨਾ ਬਦਲਿਆ ਤਾਂ ਜਥੇਬੰਦੀ ਨਾਲ ਵਿਚਾਰ-ਵਟਾਂਦਰਾ ਕਰ ਕੇ ਸ਼ੇਰਗੜ੍ਹ ਬਿਜਲੀ ਗਰਿੰਡ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਬਿੰਦਰ ਸਿੰਘ ਖਨੰਗੇ, ਜਸਵੰਤ ਸਿੰਘ ਠਸਕਾ, ਕਾਲਾ ਸਿੰਘ ਚੱਠਾ ਗੋਬਿੰਦ ਪੁਰਾ, ਪਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਮੇਸ਼ ਗੁਰਨੇ, ਹਰਜਿੰਦਰ ਸਿੰਘ ਜਿੰਦਾ, ਭੋਲਾ ਸਿੰਘ ਗੁਰਨੇ ਅਤੇ ਕ੍ਰਿਸ਼ਨ ਸਿੰਘ ਬਾਂਗੜ ਆਦਿ ਮੌਜੂਦ ਸਨ।

ਐੱਸਡੀਓ ਨੇ ਦੋਸ਼ ਨਕਾਰੇ

ਪਾਵਰਕੌਮ ਸ਼ੇਰਗੜ੍ਹ ਗਰਿੱਡ ਦੇ ਐੱਸਡੀਓ ਪ੍ਰੀਤਪਾਰਸ ਸਿੰਘ ਨੇ ਉਕਤ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਲੋਕਾਂ ਨਾਲ ਮਿਲਵਰਤਨ ਵਾਲਾ ਰਵੱਈਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਥੇਬੰਦੀ ਵਾਲੇ ਜਾਣਬੁੱਝ ਕੇ ਉਨ੍ਹਾਂ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਚਿੱਪ ਵਾਲੇ ਮੀਟਰ ਲੋਕਾਂ ਦੀ ਸਹਿਮਤੀ ਨਾਲ ਹੀ ਲਾਏ ਜਾਂਦੇ ਹਨ। ਜਿੱਥੇ ਕੋਈ ਵਿਰੋਧ ਕਰਦਾ ਹੈ ਉੱਥੇ ਮੀਟਰ ਨਹੀਂ ਲਾਇਆ ਜਾ ਰਿਹਾ।

Advertisement