ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੱਦੇ ’ਤੇ ਜ਼ਿਲ੍ਹਾ ਇਕਾਈ ਵੱਲੋਂ ਸਹਾਇਕ ਕਮਿਸ਼ਨਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੀਆਂ ਮੰਗਾਂ ਸਬੰਧੀ ਰੋਸ ਪੱਤਰ ਭੇਜ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਪਹਿਲਾਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਨੇੜੇ ਇਕੱਠੇ ਹੋਏ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚੰਗਾਲੀਵਾਲਾ, ਮਾਲਵਿੰਦਰ ਸਿੰਘ ਸੰਧੂ, ਫਕੀਰ ਸਿੰਘ ਟਿੱਬਾ ਅਤੇ ਸਤਨਾਮ ਸਿੰਘ ਸੰਗਤੀਵਾਲਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਐਡਹਾਕ, ਡੇਲੀਵੇਜ, ਆਰਜ਼ੀ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਪੰਜਾਬ ਦੇ ਮੁਲਾਜ਼ਮਾਂ ਦਾ ਡੀਏ, ਪੇਂਡੂ ਭੱਤਾ ਅਤੇ ਹੋਰ ਕਟੇ ਭੱਤੇ ਬਹਾਲ ਕੀਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਮਿੱਡ-ਡੇਅ ਮੀਲ, ਆਸ਼ਾ ਵਰਕਰਾਂ, ਆਸਾ ਫੈਸਿਲੀਟੇਟਰਾਂ, ਆਂਗਣਵਾੜੀ ਵਰਕਰਾਂ, ਸਫਾਈ ਕਰਮਚਾਰੀਆਂ, ਚੌਂਕੀਦਾਰਾ ਅਤੇ ਸੇਵਾਦਾਰਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿੱਚ ਲਿਆਂਦਾ ਜਾਵੇ, 4-9-14 ਸਾਲਾ ਏਸੀਪੀ ਸਕੀਮ ਨੂੰ ਮੁੜ ਬਹਾਲ ਕੀਤਾ ਜਾਵੇ, ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੇ ਵਿਕਾਸ ਦੇ ਨਾਂ ’ਤੇ ਲਗਾਇਆ ਜਜੀਆ ਟੈਕਸ ਬੰਦ ਕੀਤਾ ਜਾਵੇ, ਦੋ ਸਾਲ ਦਾ ਪਰਖ ਸਮਾਂ ਲਾਗੂ ਕੀਤਾ ਜਾਵੇ, ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਕੀਤੇ ਜਾਣ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਮੁਲਾਜ਼ਮ ਅਤੇ ਪੈਨਸ਼ਨਰ ਮੰਗਾਂ ਮੁੱਖ ਮੰਤਰੀ ਤੱਕ ਪਹੁੰਚਾਉਣ ਲਈ 16 ਨਵੰਬਰ ਨੂੰ ਸੰਗਰੂਰ ਵਿੱਚ ਸੂਬਾਈ ਰੈਲੀ ਕਰਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕਰਨਗੇ। ਇਸ ਮੌਕੇ ਬਲਦੇਵ ਬਡਰੁੱਖਾਂ, ਜਸਵਿੰਦਰ ਗਾਗਾ, ਬੱਗਾ ਸਿੰਘ,. ਸੰਮੀ ਖਾਂ, ਹਰਪਾਲ ਸੁਨਾਮ, ਰਾਕੇਸ਼ ਕੁਮਾਰ ਮਲੇਰਕੋਟਲਾ, ਜਗਪਾਲ ਸਿੰਘ ਬਰਨਾਲਾ, ਹੈਪੀ ਸਿੰਘ, ਰੋਹੀ ਰਾਮ ਅਤੇ ਮਨਜੀਤ ਸਿੰਘ ਸ਼ਹਿਣਾ ਮੌਜੂਦ ਸਨ।