ਮੁਲਾਜ਼ਮਾਂ ਨੇ ਹੜ੍ਹ ਪੀੜਤਾਂ ਲਈ ਢੁੱਕਵਾਂ ਮੁਆਵਜ਼ਾ ਮੰਗਿਆ
ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਫ਼ੈਸਲੇ ਅਨੁਸਾਰ ਫ਼ਰੰਟ ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਦੇ ਆਗੂਆਂ ਦੇ ਇਕ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿਛਲੇ ਦਿਨੀਂ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਲੋਕਾਂ ਦੇ ਹੋਏ ਜਾਨੀ...
ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਫ਼ੈਸਲੇ ਅਨੁਸਾਰ ਫ਼ਰੰਟ ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਦੇ ਆਗੂਆਂ ਦੇ ਇਕ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿਛਲੇ ਦਿਨੀਂ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਲੋਕਾਂ ਦੇ ਹੋਏ ਜਾਨੀ ਮਾਲੀ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਦੇਣ ਸਬੰਧੀ ਮੰਗ ਪੱਤਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਦੇ ਉੱਚ ਪੱਧਰੀ ਮੀਟਿੰਗ ਦੇ ਰੁਝੇਵੇਂ ਕਾਰਨ ਡਿਪਟੀ ਕਮਿਸ਼ਨਰ ਤਰਫ਼ੋਂ ਸੁਪਰਡੈਂਟ ਅੰਮ੍ਰਿਤਪਾਲ ਸਿੰਘ ਪੰਨੂ ਵੱਲੋਂ ਵਫ਼ਦ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਗਿਆ। ਵਫ਼ਦ ਵਿੱਚ ਮੁਲਾਜ਼ਮ ਤੇ ਪੈਨਸ਼ਨਰਜ਼ ਆਗੂ ਰਣਜੀਤ ਸਿੰਘ ਰਾਣਵਾਂ, ਜਸਵੰਤ ਸਿੰਘ ਬਨਭੌਰੀ, ਬਹਾਦਰ ਸਿੰਘ, ਕੁਲਵੰਤ ਸਿੰਘ ਸਰਵਰਪੁਰ, ਹਰਬੰਸ ਸਿੰਘ ਦੌਦ, ਮੁਕੰਦ ਸਿੰਘ, ਨਿਰਮਲ ਸਿੰਘ ਫਲੌਂਡ, ਰਾਏ ਸਿਕੰਦਰ ਸਿੰਘ ,ਬਲਵੰਤ ਸਿੰਘ, ਨਾਹਰ ਸਿੰਘ ਨੌਧਰਾਣੀ ਅਤੇ ਪਿਆਰਾ ਸਿੰਘ ਖ਼ਾਲਸਾ ਸ਼ਾਮਲ ਸਨ। ਮੰਗ ਪੱਤਰ ਵਿੱਚ ਮੰਗ ਕੀਤੀ ਕਿ ਹੜ੍ਹਾਂ ਦੌਰਾਨ ਫ਼ੌਤ ਹੋਏ ਮ੍ਰਿਤਕਾਂ ਦੇ ਵਾਰਸਾਂ ਨੂੰ 20 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ, ਕਿਸਾਨਾਂ ਦੀ ਬਰਬਾਦ ਹੋਈ ਫ਼ਸਲ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ, ਖੇਤ ’ਚੋਂ ਰੇਤ/ਕੱਢਣ ਦਾ 10 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਬੇ-ਜ਼ਮੀਨੇ ਲੋਕਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਫ਼ੌਰੀ ਮੁਆਵਜ਼ਾ ਦਿੱਤਾ ਜਾਵੇ, ਹੜ੍ਹਾਂ ਵਿੱਚ ਰੁੜ੍ਹੀਆਂ ਜਾਂ ਮਰੀਆਂ ਮੱਝਾਂ ਗਾਵਾਂ ਦਾ ਇੱਕ ਲੱਖ ਰੁਪਏ ਪ੍ਰਤੀ ਪਸ਼ੂ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ, ਢਹਿ ਗਏ ਘਰਾਂ ਦਾ 5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀਆਂ ਫ਼ੀਸਾਂ ਤੇ ਬੋਰਡ ਜਮਾਤਾਂ ਵਿੱਚ ਦਾਖ਼ਲਾ ਫ਼ੀਸਾਂ ਮੁਆਫ਼ ਕੀਤੀਆਂ ਜਾਣ।