ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਜੁਲਾਈ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਆਲ ਪੈਂਨਸ਼ਨਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸਥਾਨਕ ਜ਼ਿਲ੍ਹਾ ਖਜ਼ਾਨਾ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਸਰਕਾਰ ਦੇ ਮੰਗਾਂ ਪ੍ਰਤੀ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਮੁਜ਼ਾਹਰਾਕਾਰੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਤਿੱਖੇ ਰੂਪ ਵਿਚ ਵਿੱਢਿਆ ਜਾਵੇਗਾ। ਇਸ ਮੌਕੇ ਆਗੂਆਂ ਵਲੋਂ ਜ਼ਿਲ੍ਹਾ ਖਜ਼ਾਨਾ ਅਫ਼ਸਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
ਆਲ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਜਥੇਬੰਦੀ ਦੇ ਸੂਬਾਈ ਆਗੂ ਜਗਦੀਸ਼ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੁਮਾਰ ਬਾਲੀਆਂ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੈਸਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਮੀਤ ਪ੍ਰਧਾਨ ਮੇਲਾ ਸਿੰਘ ਪੁੰਨਾਂਵਾਲ, ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਅਵਿਨਾਸ਼ ਸ਼ਰਮਾ, ਸੱਤਪਾਲ ਸਿੰਘ ਅਤੇ ਜਗਜੀਤਇੰਦਰ ਸਿੰਘ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਬਜ਼ੁਰਗ ਪੈਨਸ਼ਨਰਾਂ ਨੂੰ ਸੜਕਾਂ ’ਤੇ ਰੋਲ ਰਹੀ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਲੰਮੇ ਸਮੇਂ ਤੋਂ ਜਿਉਂ ਦੀ ਤਿਉਂ ਲਟਕ ਰਹੀਆਂ ਹਨ ਜਿਸ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ’ਚ ਭਾਰੀ ਰੋਸ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਛੇਵੇ ਤਨਖਾਹ ਕਮਿਸਨ ਦੇ ਏਰੀਅਰ ਤਰੁੰਤ ਦੇਣ, ਡੀਏ (ਮਹਿੰਗਾਈ ਭੱਤੇ) ਦੀ ਕਿਸ਼ਤਾਂ ਜਾਰੀ ਕਰਨ ਅਤੇ 13 ਫੀਸਦੀ ਡੀ ਏ ਜਾਰੀ ਕਰਨਾ, ਮੈਡੀਕਲ ਭੱਤੇ ਵਿੱਚ ਵਾਧਾ, 2.59 ਮੁਤਾਬਕ ਫਿਕਸੇਸਨ, ਨੋਸਲਨੀ ਫਿਕਸੇਸਨ ਮਿਤੀ 29 ਅਕਤੂਬਰ 2021 ਦੀਆਂ ਹਦਾਇਤਾਂ ਅਨੁਸਾਰ ਕਰਨ , ਲੀਵ ਇੰਨਕਸਮੈਟ, ਜੀ ਪੀ ਐਫ ਦੀਆਂ ਅਦਾਇਗੀਆਂ, ਮੈਡੀਕਲ ਬਿੱਲਾ, ਪੈਨਸਨਰੀ ਬੈਨੀਫਿਟ ਜਾਰੀ ਕਰਨ ਸਮੇਤ ਤਨਖਾਹਾਂ ਅਤੇ ਸਮਾਂਬੱਧ ਕਰਨ ਆਦਿ ਮੰਗਾਂ ਸ਼ਾਮਲ ਹਨ। ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਬਿੱਕਰ ਸਿੰਘ ਸਿਬੀਆ, ਰਵਿੰਦਰ ਸ਼ਰਮਾ, ਗੁਰਮੀਤ ਸਿੰਘ ਮਿੱਡਾ, ਮੋਹਨ ਸਿੰਘ ਬਾਵਾ, ਰਾਮ ਲਾਲ ਸ਼ਰਮਾ, ਸੁਖਮਿੰਦਰ ਸਿੰਘ, ਜਸਮੇਲ ਸਿੰਘ, ਅਜੇ ਕੁਮਾਰ ਹਾਜ਼ਰ ਸਨ।