ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਬਜਟ ਦੀਆਂ ਕਾਪੀਆਂ ਫ਼ੂਕੀਆਂ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 27 ਮਾਰਚ
ਪੰਜਾਬ ਸਰਕਾਰ ਦੇ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਮੁਲਾਜ਼ਮ, ਪੈਨਸ਼ਨਰ ਅਤੇ ਲੋਕ ਵਿਰੋਧੀ ਬਜਟ ਦੇ ਵਿਰੋਧ ਵਿੱਚ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਐਲਾਨੇ ਗਏ ਸੰਘਰਸ਼ ਦੇ ਤਹਿਤ ਇੱਥੇ ਨਹਿਰ ਕਲੋਨੀ ਵਿੱਚ ਰਾਕੇਸ਼ ਕੁਮਾਰ ਮਹਿਲਾਂਵਾਲੀ ਦੀ ਅਗਵਾਈ ਹੇਠ ਬਜਟ ਦੀਆਂ ਕਾਪੀਆਂ ਫ਼ੂਕੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਸਾਂਝੇ ਫ਼ਰੰਟ ਦੇ ਸੂਬਾ ਕਨਵੀਨਰ ਸਤੀਸ਼ ਰਾਣਾ ਨੇ ਕਿਹਾ ਕਿ ਵਿੱਤ ਮੰਤਰੀ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ ਹੈ, ਉਸ ਤੋਂ ਸਮੁੱਚਾ ਮੁਲਾਜ਼ਮ ਤੇ ਪੈਨਸ਼ਨਰ ਵਰਗ ਨਿਰਾਸ਼ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਵਲੋਂ ਬਜਟ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਲਾਗੂ ਕਰਨ, ਮਿਡ ਡੇਅ ਮੀਲ, ਆਂਗਣਵਾੜੀ, ਆਸ਼ਾ ਵਰਕਰਾਂ, ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਉਜਰਤਾਂ ਵਿੱਚ ਵਾਧਾ ਕਰਨ ਦੀ ਵੀ ਕੋਈ ਤਜਵੀਜ਼ ਨਹੀਂ ਹੈ। ਸੂਬੇ ਦੇ ਵੱਖ-ਵੱਖ ਵਿਭਾਗਾਂ ਅੰਦਰ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਨੂੰ ਭਰਨ ਸਬੰਧੀ ਵੀ ਕੋਈ ਜ਼ਿਕਰ ਨਹੀਂ ਹੈ। ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ, ਬੰਦ ਭੱਤਿਆਂ ਨੂੰ ਚਾਲੂ ਕਰਨ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਵਿਕਾਸ ਟੈਕਸ ਬੰਦ ਕਰਨ ਸਬੰਧੀ ਇਸ ਬਜਟ ਵਿੱਚ ਕੁਝ ਵੀ ਸ਼ਾਮਿਲ ਨਹੀਂ ਹੈ। ਇਸ ਦੌਰਾਨ ਮੁਲਾਜ਼ਮ/ਪੈਨਸ਼ਨਰ ਵਿਰੋਧੀ ਬਜਟ ਦੀਆਂ ਕਾਪੀਆਂ ਨਾਅਰਿਆਂ ਦੀ ਗੂੰਜ ਵਿੱਚ ਫ਼ੂਕੀਆਂ ਗਈਆਂ। ਇਸ ਮੌਕੇ ਸੁਖਦੇਵ ਜਾਜਾ, ਨਿਤਿਨ ਮਹਿਰਾ, ਜਤਿੰਦਰ ਸਿੰਘ, ਮੀਨਾ ਰਾਣੀ, ਅਸ਼ੋਕ ਕੁਮਾਰ, ਕੁਲ ਬਹਾਦਰ, ਕੁਲਵਿੰਦਰ ਕੁਮਾਰ, ਜਸਵੀਰ ਸਿੰਘ, ਵਰਿੰਦਰ ਕੁਮਾਰ, ਵਿਸ਼ਾਲ ਠਾਕੁਰ, ਗੁਰਬਚਨ ਸਿੰਘ, ਸੁਖਵਿੰਦਰ ਕੌਰ, ਵਰੁਣ ਭਨੋਟ ਤੇ ਗੁਰਚਰਨ ਸਿੰਘ ਆਦਿ ਆਗੂ ਵੀ ਹਾਜ਼ਰ ਸਨ।