ਸੀਪੀਆਈ ਦੇ ਸੰਘਰਸ਼ ਨੂੰ ਲੋਕਾਂ ਤੱਕ ਪਹੁੰਚਾਉਣ ’ਤੇ ਜ਼ੋਰ
ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਪੰਜਾਬ ਵੱਲੋਂ ਸੰਗਰੂਰ ਜ਼ੋਨ ਦਾ ਦੋ ਰੋਜ਼ਾ ਵਾਲੰਟੀਅਰ ਟਰੇਨਿੰਗ ਕੈਂਪ ਅੱਜ ਸਮਾਪਤ ਹੋ ਗਿਆ। ਟਰੇਨਿੰਗ ਕੈਂਪ ਦੌਰਾਨ ਵਾਲੰਟੀਅਰਾਂ ਨੂੰ ਕਮਿਊਨਿਸਟ ਆਦਰਸ਼ਾਂ ਅਤੇ ਫਰਜ਼ਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਕਮਿਊਨਿਸਟ ਪਾਰਟੀ ਵੱਲੋਂ ਲੜੇ ਇਤਿਹਾਸਕ ਸੰਘਰਸ਼ਾਂ ਨੂੰ ਲੋਕਾਂ ਵਿੱਚ ਵੱਡੇ ਪੱਧਰ ’ਤੇ ਲਿਜਾਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਸਥਾਨਕ ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਵਿੱਚ ਕੌਮੀ ਸੰਮੇਲਨ ਦੀਆਂ ਤਿਆਰੀਆਂ ਸਬੰਧੀ ਚੱਲ ਰਹੇ ਕੈਂਪ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕਸ਼ਮੀਰ ਸਿੰਘ ਗਦਾਈਆ ਨੇ ਕਿਹਾ ਕਿ ਚੰਡੀਗੜ੍ਹ ’ਚ 21 ਤੋਂ 25 ਸਤੰਬਰ ਤੱਕ ਹੋ ਰਿਹਾ ਭਾਰਤੀ ਕਮਿਊਨਿਸਟ ਪਾਰਟੀ ਦਾ ਕੌਮੀ ਮਹਾਂਸੰਮੇਲਨ ਦੇਸ਼ ਦੀ ਕਮਿਊਨਿਸਟ ਲਹਿਰ ਲਈ ਅਹਿਮ ਹੋਵੇਗਾ। ਇਸ ਸੰਮੇਲਨ ਵਿੱਚ ਪਾਰਟੀ ਦੇ ਦੇਸ਼ ਭਰ ਵਿੱਚੋਂ ਸਾਢੇ ਅੱਠ ਸੌ ਚੋਣਵੇਂ ਆਗੂ ਹਿੱਸਾ ਲੈ ਰਹੇ ਹਨ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਖਦੇਵ ਸ਼ਰਮਾ ਨੇ ਕਮਿਊਨਿਸਟ ਪਾਰਟੀ ਵੱਲੋਂ ਪੰਜਾਬ ਅਤੇ ਦੇਸ਼ ਵਿੱਚ ਚਲਾਏ ਇਤਿਹਾਸਕ ਅੰਦੋਲਨਾਂ ਬਾਰੇ ਦੱਸਿਆ। ਕੌਮੀ ਮਹਾਸੰਮੇਲਨ ਲਈ ਵਾਲੰਟੀਅਰਾਂ ਨੂੰ ਪ੍ਰਬੰਧਾਂ ਵਾਸਤੇ ਤਿਆਰ ਕਰਨ ਲਈ ਕਾਮਰੇਡ ਬਲਕਾਰ ਦੁਧਾਲਾ ਨੇ ਟਰੇਨਿੰਗ ਦਿੱਤੀ। ਇਸ ਮੌਕੇ ਸਾਥੀ ਸੁਖਜਿੰਦਰ ਮਹੇਸਰੀ, ਰਾਹੁਲ ਪਟਿਆਲਾ, ਗੁਰਜੀਤ ਕੌਰ ਸਰਦੂਲਗੜ੍ਹ, ਗੁਰਜੰਟ ਪੰਜਾਬੀ ਯੂਨੀਵਰਸਿਟੀ ਅਤੇ ਨਵਜੀਤ ਸੰਗਰੂਰ ਆਦਿ ਹਾਜ਼ਰ ਸਨ।