ਗਰਿੱਡ ’ਚੋਂ ਬਿਜਲੀ ਦਾ ਸਾਮਾਨ ਚੋਰੀ
ਦਿੜ੍ਹਬਾ ਦੇ ਬਿਜਲੀ ਗਰਿੱਡ ਵਿੱਚ ਦੇਰ ਰਾਤ ਚੋਰੀ ਦੀ ਘਟਨਾ ਵਾਪਰ ਗਈ। ਜਾਣਕਾਰੀ ਅਨੁਸਾਰ ਅੱਜ ਸਵੇਰ ਜਦੋਂ ਬਿਜਲੀ ਮੁਲਾਜ਼ਮ ਬਿਜਲੀ ਗਰਿੱਡ ਵਿੱਚ ਪੁੱਜੇ ਤਾਂ ਦੇਖਿਆ ਕਿ ਬਿਜਲੀ ਦਫ਼ਤਰ ਦੇ ਲਗਪਗ ਇੱਕ ਦਰਜਨ ਦੇ ਕਰੀਬ ਕਮਰਿਆਂ ਦੇ ਜਿੰਦਰੇ ਟੁੱਟੇ ਹੋਏ ਸਨ ਜਿਸ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਤਾਂ ਪੁਲੀਸ ਨੇ ਮੌਕਾ ਦੇਖਿਆ। ਐਕਸੀਅਨ ਸੁਖਵੰਤ ਸਿੰਘ ਧੀਮਾਨ ਨੇ ਦੱਸਿਆ ਕਿ ਬਿਜਲੀ ਘਰ ਦਾ ਬਹੁਤ ਸਾਰਾ ਕੀਮਤੀ ਸਾਮਾਨ ਚੋਰੀ ਹੋ ਗਿਆ। ਉਨ੍ਹਾਂ ਦੱਸਿਆ ਕਿ ਸਟਾਕ ਚੈੱਕ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਤਕਰੀਬਨ ਸਾਢੇ ਨੌਂ ਲੱਖ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਚੋਰ ਜਿਹੜੇ ਵੀ ਕਮਰੇ ਅੰਦਰ ਦਾਖਲ ਹੋਏ ਹਨ ਤਾਂ ਉਸ ਕਮਰੇ ਵਿੱਚੋਂ ਸਿਰਫ਼ ਬਿਜਲੀ ਦਾ ਭਾਰੀ ਤੇ ਕੀਮਤੀ ਸਾਮਾਨ ਤਾਰਾਂ, ਬੈਟਰੀਆਂ ਆਦਿ ਚੋਰੀ ਕੀਤਾ ਹੈ। ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਇਹ ਕੰਮ ਕਿਸੇ ਭੇਤੀ ਦਾ ਹੈ। ਉਨ੍ਹਾਂ ਸਥਾਨਕ ਪੁਲੀਸ ਤੋਂ ਮੰਗ ਕੀਤੀ ਕਿ ਚੋਰੀ ਦੀ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਕੇ ਚੋਰ ਗਰੋਹ ਦਾ ਪਰਦਾਫਾਸ਼ ਕੀਤਾ ਜਾਵੇ। ਥਾਣਾ ਦਿੜ੍ਹਬਾ ਦੇ ਐੱਸਐੱਚੳ ਕਮਲਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਜਾਂਚ ਕਰ ਰਹੀ ਹੈ ਅਤੇ ਕੈਮਰਿਆਂ ਵਿੱਚ ਇੱਕ ਗੱਡੀ ਆਈ ਹੈ ਜਿਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।